18 C
United Kingdom
Saturday, May 10, 2025

ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਸਵ: ਦੀਦਾਰ ਸੰਧੂ

ਦੀਦਾਰ ਸੰਧੂ

ਕੁਝ ਇਨਸਾਨ ਕ਼ਲਮ ਦੇ ਬੜੇ ਧਨੀ ਹੋਇਆਂ ਕਰਦੇ ਨੇ, ਜਿਨਾਂ ਦੀ ਕ਼ਲਮ ਵਿਚੋਂ ਉਕਰੇ ਹੋਏ ਸ਼ਬਦ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਗੀਤਕਾਰੀ ਦੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪ ਮੁਹਾਰੇ ਦੀਦਾਰ ਸੰਧੂ ਦਾ ਨਾਂ ਜ਼ੁਬਾਨ ਤੇ ਆ ਜਾਦਾ ਹੈ,    ਅਨੇਕਾਂ ਚਿੰਨ, ਬਿੰਬ, ਪ੍ਰਤੀਕ, ਤਸਬੀਹ ਮਾਲਾ ਦੇ ਮਣਕੇ ਵਾਂਗੂ ਪਰੋਏ ਹੋਏ ਹਨ। ਜਿੰਨਾਂ ਨੂੰ ਸੁਣਕੇ ਮਨ ਹੁਲਾਸ ਵਿੱਚ ਆ ਕੇ ਦੀਦਾਰ ਸੰਧੂ ਨੂੰ ਸਲੂਟ ਮਾਰਦਾ ਹੈ। ਮੈਂ ਉਦੋਂ ਮਸਾਂ 7-8 ਸਾਲ ਦਾ ਸੀ ਜਦੋਂ 10 ਕਿਲੋਮੀਟਰ ਪੈਦਲ ਤੁਰ ਕੇ ਦੀਦਾਰ ਸੰਧੂ ਦਾ ਅਖਾੜਾ ਦੇਖਣ ਗਿਆ, ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਅਖਾੜੇ ਦੇਖੇ ਪਰ ਦੀਦਾਰ ਸੰਧੂ ਦੇ ਅਖਾੜੇ ਦੀ ਤਸਵੀਰ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹਿੰਦੀ ਹੈ। ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਚਾਰ ਸ਼ਬਦ ਲਿਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। 

       ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲੇ ਵਿੱਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਜ਼ਿਲਾ ਲੁਧਿਆਣਾ ਵਿੱਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿੰਡ ਜਗਰਾਉਂ ਦੇ ਸਰਕਾਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਦੀਦਾਰ ਸੰਧੂ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾਂ ਨੇ ਜਨਮ ਲਿਆ। ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜਕਲ ਗਾਇਕੀ ਦੇ ਪਿੜ ਵਿੱਚ ਵਿਚਰ ਰਿਹਾ ਹੈ। ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਲਿਖਦੇ ਹਨ ਕਿ ਜੋ ਸਥਾਨ ਅੰਗਰੇਜੀ ਕਵਿਤਾ ਵਿੱਚ ਬਾਇਰਨ ਦਾ ਸੀ ਪੰਜਾਬੀ ਲੋਕ ਗੀਤ ਗੀਤਕਾਰੀ ਵਿੱਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਦੀਦਾਰ ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿੱਚ ਸਦਾ ਮਹਿਕਣ ਅਤੇ ਖੂਸਬੋਆਂ ਖਿਲਾਰਨ ਵਾਲਾ ਬਹੁਰੰਗਾਂ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਤਾਰਾ ਹੈ। ਇਸੇ ਤਰ੍ਹਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸਧਾਰਨ ਸ਼ਬਦਾਂ ਵਿੱਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਅਨੰਦ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਹਨ ਅਤੇ ਉਹਨਾਂ ਉਪਰ ਸਦਾਚਾਰ ਦੀਆਂ ਸੀਮਾਵਾਂ ਉ¦ਘਣ ਦਾ ਦੋਸ਼ ਵੀ ਨਹੀਂ ਲੱਗਦਾ। ਆਤਮਾ ਹਮਰਾਹੀ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਲਿਖਦੇ ਹਨ ਕਿ ਉਹ ਜੱਟ ਕਲਚਰ ਦਾ ਸਿਰਮੋਰ ਗੀਤਕਾਰ ਸੀ। 

            ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖਕੇ ਗਾਉੁਂਦਾ ਸੀ। ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ‘ਚੰਨ ਹੋ ਬੱਦਲੀ ਦੇ ੳਹਲੇ ਕੰਨੀਆਂ ਨੂੰ ਇੰਝ ਰੁਸਨਾਏ, ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ ’ਤੇ ਸੁੱਟ ਸੁਕਾਵੇ ਇਹ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇਂ ਲੁਕਾਵੇਗਾ’ ਤਾਂ ਸਰੋਤੇ ਦੀ ਸੋਚ ਚੰਨ ’ਤੇ ਅਟਕੀ ਰਹਿ ਜਾਂਦੀ ਹੈ ਜਾਂ ‘ਸਾਉਣ ਮਹੀਨਾ ਪੈਣ ਛਰਾਟੇ ਵਗ ਪਰਨਾਲੇ ਢਾਬ ਭਰੀ’ ਤਾਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾਂਅ ਜਾਂਦੀਆਂ ਹਨ। ਗਾਇਕ ਦੀਦਾਰ ਸੰਧੂ ਨੇ ਹਜ਼ਾਰਾਂ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ,

1. ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀ ਚੜ ਜਾਵਾਂ

2. ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ
3. ਵੇ ਗੱਲ ਸੁਣ ਦਿਉਰਾ
4. ਚੜ ਗਿਆ ਮਹੀਨਾ ਸੌਣ ਕੁੜੇ
5. ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ
6. ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ
7. ਮੋਤੀ ਬਜਾਰ ਦਾ ਤੋਤਾ
8. ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ
9. ਮੇਲੇ ਵਿਚੋਂ ਜਿਵੇਂ ਖਾਲੀ ਉਡਦੇ ਲਿਫਾਫੇ
10. ਮਾਹੀ ਚੱਲਿਆ ਲਾਮ ਨੂੰ ਮੇਰਾ
11. ਡਾਹਢਾ ਤੰਗ ਆਇਆ ਹਾਂ ਤੇਰੇ ਹਿਸਾਬ। 

ਦੀਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੂੰਮਾਂ ਪੂਰੇ ਪੰਜਾਬ ਵਿੱਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ‘ਜੱਟ ਬੜਾ ਬੇਦਰਦੀ’ ਰਿਕਾਰਡ ਹੋਇਆ। ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕ ਜੋੜੀ ਦੀਆਂ ਚੜਤਾਂ ਸਨ। ਇਸ ਜੋੜੀ ਦੀਆਂ ਅਵਾਜ਼ਾਂ ਵਿੱਚ ਦੀਦਾਰ ਸੰਧੂ ਦੇ ਗੀਤਾਂ ਸੁਰਮਾਂ ਪੰਜ ਰੱਤੀਆਂ, ਕਾਗਜ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲਮਲ ਦੀ, ਲੱਡੂ ਵੰਡਦੀ ਕਚਹਿਰੀਓ ਆਵਾਂ ਨੇ ਦੀਦਾਰ ਸੰਧੂ ਦਾ ਨਾਮ ਬਣਾ ਦਿੱਤਾ। 1962 ਵਿੱਚ ਉਹਨਾਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਲੈ ਲਈ ਜਿਥੇ ਉਸ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਢਾਈ ਸਾਲ ਦੇ ਕਰੀਬ ਸਟੇਜਾਂ ’ਤੇ ਗਾਇਆ। ਇਸ ਸਮੇਂ ਤੱਕ ਦੀਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਤਾਂ ਉਸਨੇ ਪਹਿਲਾ ਰਿਕਾਰਡ ਸਨੇਹ ਲਤਾ ਨਾਲ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਪ੍ਰਸਿੱਧ ਐਚ. ਐਮ.ਵੀ. ਰਿਕਾਰਡ ਕੰਪਨੀ ਵਿੱਚ ਰਿਕਾਰਡ ਕਰਵਾਇਆ। ਬੱਸ ਫਿਰ ਕੀ ਸੀ ਦੀਦਾਰ ਤੇ ਰਿਕਾਰਡ ਤਵੇਂ ਬਲੈਕ ਵਿੱਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਹੁੰਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ਪੰਜਾਬ ਦੀਆਂ ਮਸਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਜਿਨ੍ਹਾਂ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਅਮਰ ਨੂਰੀ, ਸੁਨੇਹ ਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ ’ਤੇ ਦੀਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿੱਚ ਸੁਰਿੰਦਰ ਛਿੰਦੇ ਦੀ ਅਵਾਜ ਵਿੱਚ ਗੀਤ ‘ਇਸ ਸਮੇਂ ਦੀਆਂ ਸੱਟਾਂ ਤੋਂ ਤੂੰ ਭਾਵੇਂ ਹੈ ਮਜਬੂਰ’ ਅਤੇ ‘ਲਲਕਾਰਾ’ ਫਿਲਮ ਵਿੱਚ ‘ਮਾਏ ਨੀ ਤੇਰੀ ਲਾਡਲੀ’ ਸਰਬਜੀਤ ਦੀ ਅਵਾਜ ਵਿੱਚ ਅਤੇ ਫਿਲਮ ‘ਗੱਭਰੂ ਪੰਜਾਬ ਦਾ’ ਵਿੱਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫਿਲਮਾਇਆ ਗਿਆ। ਭਾਵੇਂ ਅਮਰ ਨੂਰੀ ਅੱਜ ਤੱਕ ਨਿੱਤ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਫਿਲਮੀ ਪਰਦੇ ’ਤੇ ਸਭ ਤੋਂ ਪਹਿਲਾਂ ਉਸਨੂੰ ਦੀਦਾਰ ਸੰਧੂ ਹੀ ਲੈ ਕੇ ਆਏ। ਨੂਰੀ 1981 ਵਿੱਚ ਬਹੁਤ ਛੋਟੀ ਉਮਰ ਵਿੱਚ ਦੀਦਾਰ ਸੰਧੂ ਨਾਲ ਗਾਉਣ ਲੱਗੀ ਸੀ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਜਿਹਨਾਂ ਹੋਰ ਪ੍ਰਸਿੱਧ ਗਾਇਕਾਂ ਨੇ ਦੀਦਾਰ ਦੇ ਲਿਖੇ ਗੀਤ ਗਾਏ ਉਹਨਾਂ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਸੁਦੇਸ਼ ਕਪੂਰ, ਪ੍ਰੋਮਲਾ ਪੰਮੀ, ਸਵਰਨ ਲਤਾ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨਾਮ ਜ਼ਿਕਰਯੋਗ ਹਨ। ਇਹ ਸਾਰੇ ਗੀਤ ਵੀ ਬਹੁਤ ਮਸਹੂਰ ਰਹੇ। ਉਸਦੀ ਆਪਣੀ ਅਵਾਜ ਵਿੱਚ ਬਹੁਤੇ ਗੀਤ ਸੁਨੇਹ ਲਤਾ, ਅਮਰ ਨੂਰੀ ਅਤੇ ਸੁਰਿੰਦਰ ਕੌਰ ਨਾਲ ਰਿਕਾਰਡ ਹੋਏ। ਪਰ ਅੰਤ ਬਿਮਾਰੀ ਨੇ ਘੇਰਾ ਪਾ ਲਿਆਂ13 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ, ਜਿਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਮਨੋਵਿਗਿਆਨੀ ਗਾਇਕ ਸਾਥੋ ਸਦਾ ਵਾਸਤੇ ਵਿਛੜ ਗਿਆ। ਪਰ ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫ਼ਿਜਾ ਵਿੱਚ ਜਿੰਦਾ ਹੈ। ਦੀਦਾਰ ਸੰਧੂ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ। 

(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006)

Punj Darya

LEAVE A REPLY

Please enter your comment!
Please enter your name here

Latest Posts

error: Content is protected !!
17:48