ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਸਰਕਾਰ ਵੱਲੋਂ ਸਾਰਾਹ ਐਵਾਰਾਰਡ ਦੇ ਕਤਲ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਜਿਸ ਦੀ ਲੜੀ ਤਹਿਤ ਸਰਕਾਰ ਵੱਲੋਂ ਇੱਕ ਨਵਾਂ ਐਮਰਜੈਂਸੀ ਨੰਬਰ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਕੀਤੀ ਘੋਸ਼ਣਾ ਦੇ ਅਨੁਸਾਰ ਪ੍ਰਮੁੱਖ ਤੌਰ ‘ਤੇ ਇਕੱਲੀਆਂ ਔਰਤਾਂ ਦੀ ਸੁਰੱਖਿਆ ਲਈ ਇੱਕ ਨਵਾਂ ਐਮਰਜੈਂਸੀ ਫੋਨ ਨੰਬਰ ਕ੍ਰਿਸਮਿਸ ਤੱਕ ਚਾਲੂ ਹੋ ਸਕਦਾ ਹੈ। ਇਹ ਨਵੀਂ ਯੋਜਨਾ ਜਿਸਨੂੰ “ਵਾਕ ਮੀ ਹੋਮ ਸਰਵਿਸ” ਕਿਹਾ ਗਿਆ ਹੈ ਸੰਭਾਵਤ ਤੌਰ ‘ਤੇ 888 ਨੰਬਰ ਰਾਹੀਂ ਪਹੁੰਚ ਯੋਗ ਹੋਵੇਗੀ। ਇਹ ਸਰਵਿਸ ਬੀਟੀ ਦੁਆਰਾ ਵਿਕਸਤ ਕੀਤੀ ਜਾ ਰਹੀ ਹੈ, ਜਿਸਨੇ 1937 ਵਿੱਚ ਲਾਂਚ ਹੋਣ ਤੋਂ ਬਾਅਦ 999 ਸੇਵਾ ਵੀ ਚਲਾਈ ਹੈ। ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ ਇੱਕ ਐਪ ਡਾਉਨਲੋਡ ਕਰਕੇ ਉਸ ਵਿੱਚ ਆਪਣੇ ਘਰ ਦਾ ਪਤਾ, ਅਤੇ ਨਾਲ ਹੀ ਉਨ੍ਹਾਂ ਦੇ ਮਨਪਸੰਦ ਸਥਾਨਾਂ ਨੂੰ ਦਰਜ ਕਰਨ ਦੀ ਜ਼ਰੂਰਤ ਹੋਵੇਗੀ। ਕਿਸੇ ਵੀ ਸਥਾਨ ਦੀ ਯਾਤਰਾ ਕਰਨ ਤੋਂ ਪਹਿਲਾਂ, ਉਹ 888 ‘ਤੇ ਕਾਲ ਜਾਂ ਮੈਸੇਜ ਕਰਕੇ ਆਪਣੀ ਮੰਜਿਲ ‘ਤੇ ਪਹੁੰਚਣ ਲਈ ਲੱਗਣ ਵਾਲੇ ਅਨੁਮਾਨਿਤ ਸਮੇਂ ਦੀ ਜਾਣਕਾਰੀ ਦੇਣਗੀਆਂ। ਜਿਸ ਉਪਰੰਤ ਫੋਨ ਦਾ ਜੀ ਪੀ ਐਸ ਸਿਸਟਮ ਉਨ੍ਹਾਂ ਦੀ ਯਾਤਰਾ ਨੂੰ ਟਰੈਕ ਕਰੇਗਾ ਅਤੇ ਜੇ ਉਹ ਸਮੇਂ ਸਿਰ ਆਪਣੀ ਮੰਜਿਲ ‘ਤੇ ਨਹੀਂ ਪਹੁੰਚਦੀਆਂ ਤਾਂ ਸੁਰੱਖਿਆ ਸਬੰਧੀ ਇੱਕ ਅਲਰਟ ਜਾਰੀ ਹੋ ਜਾਵੇਗਾ। ਇਸਦੇ ਇਲਾਵਾ ਜੇ ਔਰਤਾਂ ਕੋਈ ਖਤਰਾ ਮਹਿਸੂਸ ਕਰਦੀਆਂ ਹਨ, ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਲਈਵੀ ਐਪ ਦੀ ਵਰਤੋਂ ਵੀ ਕਰ ਸਕਦੀਆਂ ਹਨ। ਸ਼ੁਰੂਆਤੀ ਸਮੇਂ ਦੇ ਅਨੁਮਾਨ ਦੇ ਅਧਾਰ ‘ਤੇ ਐਪ ਉਪਭੋਗਤਾ ਦੇ ਘਰ ਪਹੁੰਚਣ ਦੀ ਜਾਂਚ ਕਰਨ ਲਈ ਇੱਕ ਸੁਨੇਹਾ ਭੇਜੇਗੀ, ਜੇਕਰ ਕੋਈ ਜਵਾਬ ਨਹੀਂ ਮਿਲਦਾ ਹੈ ਤਾਂ ਐਪ ਐਮਰਜੈਂਸੀ ਸੰਪਰਕਾਂ ਅਤੇ ਫਿਰ ਪੁਲਿਸ ਨੂੰ ਕਾਲਾਂ ਸ਼ੁਰੂ ਕਰੇਗੀ। ਬੀਟੀ ਦੇ ਮੁੱਖ ਅਧਿਕਾਰੀ ਫਿਲਿਪ ਜੈਨਸਨ ਅਨੁਸਾਰ ਐਪ ਦੀ ਕੀਮਤ 50 ਮਿਲੀਅਨ ਪੌਂਡ ਹੋ ਸਕਦੀ ਹੈ ਅਤੇ ਕ੍ਰਿਸਮਿਸ ਤੱਕ ਤਿਆਰ ਹੋ ਸਕਦੀ ਹੈ।
