ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸੰਸਥਾ ਸੈਂਟਰ ਫਾਰ ਡਿਸ਼ੀਜ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ ) ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੋਵਿਡ -19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ 140,000 ਤੋਂ ਵੱਧ ਬੱਚਿਆਂ ਨੇ ਮਾਪਿਆਂ ਵਿੱਚੋਂ ਇੱਕ ਜਾਂ ਦੇਖਭਾਲ ਕਰਨ ਵਾਲੇ ਨੂੰ ਗਵਾਇਆ ਹੈ ਭਾਵ ਵਾਇਰਸ ਨੇ ਉਹਨਾਂ ਦੀ ਜਾਨ ਲੈ ਲਈ ਹੈ। ਇਸ ਅਧਿਐਨ ਦੇ ਅਪ੍ਰੈਲ 2020 ਤੋਂ ਜੂਨ 2021 ਤੱਕ ਦੇ ਅੰਕੜਿਆਂ ਨੇ ਮਹਾਂਮਾਰੀ ਦੇ ਇਸ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ ਅਤੇ ਇਸਦਾ ਜਿਆਦਾ ਪ੍ਰਭਾਵ ਗੈਰ ਗੋਰੇ ਬੱਚਿਆਂ ‘ਤੇ ਪਿਆ ਹੈ। ਅੰਕੜਿਆਂ ਅਨੁਸਾਰ ਲਗਭਗ 500 ਬੱਚਿਆਂ ਵਿੱਚੋਂ ਇੱਕ ਨੇ ਆਪਣੀ ਮਾਂ, ਪਿਤਾ ਜਾਂ ਦਾਦਾ -ਦਾਦੀ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ 2020 ਦੇ ਅਪ੍ਰੈਲ ਤੋਂ ਉਨ੍ਹਾਂ ਦੀ ਦੇਖਭਾਲ ਕੀਤੀ ਸੀ। ਮਹਾਂਮਾਰੀ ਦੇ ਦੌਰਾਨ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਗੁਆ ਚੁੱਕੇ ਹਰ 10 ਵਿੱਚੋਂ ਲਗਭਗ ਸੱਤ ਬੱਚੇ ਕਾਲੇ, ਹਿਸਪੈਨਿਕ ਜਾਂ ਮੂਲ ਅਮਰੀਕੀ ਹਨ। ਇਹਨਾਂ ਅੰਕੜਿਆਂ ਨੂੰ ਜਾਰੀ ਕਰਨ ਵਾਲੀ ਸੰਸਥਾ ਨੇ ਮਹਂਮਾਰੀ ਦੇ ਇਸ ਪ੍ਰਭਾਵ ਨੂੰ ਸੁਲਝਾਉਣ ਲਈ ਫੈਡਰਲ ਧਿਆਨ ਅਤੇ ਸਰੋਤਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਰਿਪੋਰਟ ਦੇ ਅੰਕੜਿਆਂ ਅਨੁਸਾਰ 168 ਅਮਰੀਕਨ ਭਾਰਤੀ ਅਤੇ ਅਲਾਸਕਾ ਦੇ ਮੂਲ ਬੱਚਿਆਂ ਵਿੱਚੋਂ ਇੱਕ ਨੇ ਆਪਣੇ ਮਾਤਾ -ਪਿਤਾ ਜਾਂ ਦਾਦਾ -ਦਾਦੀ ਨੂੰ ਗੁਆ ਦਿੱਤਾ ਹੈ। ਇਸੇ ਤਰ੍ਹਾਂ ਹਰ 310 ਕਾਲੇ ਬੱਚਿਆਂ ਵਿੱਚੋਂ ਇੱਕ ਨੂੰ ਅਜਿਹੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਗੋਰੇ ਬੱਚਿਆਂ ਲਈ ਇਹ ਸੰਖਿਆ ਘੱਟ ਹੈ ਜੋ ਕਿ 753 ਬੱਚਿਆਂ ਵਿੱਚੋਂ ਇੱਕ ਦਰਜ ਹੋਈ ਹੈ।
