9.6 C
United Kingdom
Monday, May 20, 2024

More

    ਜ਼ਮੀਨੀ ਸੰਘਰਸ਼ ਦੌਰਾਨ ਮਜ਼ਦੂਰਾਂ ‘ਤੇ ਦਰਜ਼ ਕੀਤੇ ਪਰਚਿਆਂ ਨੂੰ ਦੁਬਾਰਾ ਖੋਲ੍ਹਣ ਖ਼ਿਲਾਫ਼ ਭਵਾਨੀਗੜ੍ਹ ਥਾਣੇ ਦਾ ਘਿਰਾਓ

    ਪੰਚਾਇਤੀ ਜ਼ਮੀਨ ਦੇ ਘੋਲ ਦਾ ਕੇਂਦਰ ਬਿੰਦੂ ਰਹੇ ਬਹੁ-ਚਰਚਿਤ ਪਿੰਡ ਬਾਲਦ ਕਲਾਂ ਦੇ ਐੱਸਸੀ ਭਾਈਚਾਰੇ ਵਿੱਚ ਭਾਰੀ ਰੋਸ 

    ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਮੀਨੀ ਸੰਘਰਸ਼ ਦੌਰਾਨ ਦਰਜ਼ ਕੀਤੇ ਪਰਚਿਆਂ ਨੂੰ ਦੁਬਾਰਾ ਖੋਲ੍ਹਣ ਖ਼ਿਲਾਫ਼ ਅੱਜ ਵੱਖ-ਵੱਖ ਪਿੰਡਾਂ ਵਿੱਚੋਂ ਆਏ ਐੱਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਸੰਕੇਤਕ ਤੌਰ ‘ਤੇ ਥਾਣਾ ਭਵਾਨੀਗੜ੍ਹ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਵੱਲੋਂ ਐੱਸ. ਐੱਚ. ਓ. ਰਾਹੀਂ ਐੱਸ.ਐੱਸ.ਪੀ. ਸੰਗਰੂਰ ਨੂੰ ਇਸ ਕੇਸ ਦੀ ਮੁੜ ਤੋਂ ਰੀ-ਇਨਕੁਆਰੀ ਕਰਕੇ ਘਟਨਾਕ੍ਰਮ ਦੀ ਸਾਰੀ ਮੁੜ ਤੋਂ ਜਾਂਚ ਕਰਕੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ।  ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜ਼ੋਨਲ ਆਗੂ ਚਰਨ ਸਿੰਘ ਬਾਲਦ ਕਲਾਂ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ 2014 ਵਿੱਚ ਤੀਸਰੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈਣ ਲਈ ਕੀਤੇ ਸੰਘਰਸ਼ ਦੌਰਾਨ ਝੂਠੇ ਪਰਚੇ ਦਰਜ ਕੀਤੇ ਗਏ ਸੀ, ਜਿਸ ਤੋਂ ਬਾਅਦ ਕਈ ਵਾਰ ਸੰਘਰਸ਼ ਦੇ ਦਰਮਿਆਨ ਪ੍ਰਸ਼ਾਸਨ ਵੱਲੋਂ ਮੰਨਿਆ ਗਿਆ ਕਿ ਇਹ ਪਰਚੇ ਝੂਠੇ ਹਨ ਅਤੇ ਇਨ੍ਹਾਂ ਨੂੰ ਰੱਦ ਕੀਤਾ ਜਾਵੇਗਾ ਜਿਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਲਿਖਤੀ ਤੌਰ ਉਪਰ ਸੂਚਿਤ ਵੀ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿੱਥੇ ਕਿ ਕੈਪਟਨ ਸਰਕਾਰ ਅਤੇ ਮੌਜੂਦਾ ਚੰਨੀ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਪਏ ਝੂਠੇ ਅਤੇ ਨਾਜਾਇਜ਼ ਪਰਚੇ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਦੂਜੇ ਪਾਸੇ ਐਸ ਸੀ ਭਾਈਚਾਰੇ ਨਾਲ ਵਿਤਕਰੇਬਾਜ਼ੀ ਕਰਦੇ ਹੋਏ ਪਿੰਡ ਬਾਲਦ ਕਲਾਂ ਦੀਆਂ ਬਜ਼ੁਰਗ ਔਰਤਾਂ ਸਮੇਤ ਲੋਕਾਂ ਨੂੰ ਸੰਮਨ ਭੇਜ ਇਸੇ ਝੂਠੇ ਪਰਚੇ ਵਿਚ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਸਰਾਸਰ ਵਿਤਕਰੇਬਾਜ਼ੀ ਅਤੇ ਸ਼ਰ੍ਹੇਆਮ ਧੱਕਾ ਹੈ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਧਰਨੇ ਵਿੱਚ ਆ ਕੇ ਦੱਸਿਆ ਕਿ ਇਸ ਕੇਸ ਨੂੰ ਰੱਦ ਕਰਨ ਸਬੰਧੀ ਪੁਲੀਸ ਵੱਲੋਂ ਅਦਾਲਤ ਵਿੱਚ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਅਦਾਲਤ ਵੱਲੋਂ ਸੰਮਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ। ਇਸ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।  ਅੰਤ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟ ਦੇ ਆਗੂਆਂ ਵੱਲੋਂ ਬਾਰਾਂ ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਲਈ ਪਿੰਡਾਂ ਵਿੱਚ ਵੱਡੀ ਪੱਧਰ ਤੇ ਤਿਆਰੀਆਂ ਵਿੱਢਣ ਦਾ ਫ਼ੈਸਲਾ ਕਰਕੇ ਅਗਲੇਰੇ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਗੁਰਚਰਨ ਸਿੰਘ ਫੌਜੀ ਘਰਾਚੋਂ, ਅਮਰਜੀਤ ਸਿੰਘ ਝਨੇੜੀ, ਹਰਜਿੰਦਰ ਸਿੰਘ ਝਨੇੜੀ, ਸੁਖਵਿੰਦਰ ਸਿੰਘ ਬਟੜਿਆਣਾ, ਪਰਗਟ ਸਿੰਘ ਅਤੇ ਲਾਭ ਸਿੰਘ ਭੜ੍ਹੋ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਆਗੂ ਹਾਜ਼ਰ ਸਨ‌।

    Punj Darya

    Leave a Reply

    Latest Posts

    error: Content is protected !!