
ਅਧਿਆਪਕਾਂ ਦੇ ਸਾਰੇ ਕਾਡਰਾਂ ਦੀਆਂ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਕੀਤੀਆਂ ਜਾਣ: ਡੀ.ਟੀ.ਐੱਫ.
ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸੀ.ਐਂਡ.ਵੀ., ਮਾਸਟਰ, ਹੈੱਡਮਾਸਟਰ, ਲੈਕਚਰਾਰ ਅਤੇ ਪ੍ਰਿੰਸੀਪਲ ਕਾਡਰਾਂ ਲਈ ਪੈਂਡਿੰਗ ਪ੍ਰਮੋਸ਼ਨਾਂ ਲੰਬੇ ਸਮੇਂ ਤੋਂ ਲਟਕਾਉਣ ਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਾਰੀਆਂ ਸੀਨੀਆਰਤਾ ਸੂਚੀਆਂ ਅਤੇ ਪੈਂਡਿੰਗ ਤਰੱਕੀਆਂ ਫੌਰੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਈ.ਟੀ.ਟੀ. ਅਤੇ ਸੀ.ਐਂਡ.ਵੀ. ਤੋਂ ਮਾਸਟਰ ਕਾਡਰ, ਮਾਸਟਰ ਤੋਂ ਹੈੱਡਮਾਸਟਰ, ਹੈੱਡਮਾਸਟਰ/ਲੈਕਚਰਾਰ ਤੋਂ ਪ੍ਰਿੰਸੀਪਲ ਕਾਡਰਾਂ ਦੀਆਂ ਤਰੱਕੀਆਂ ਨੂੰ, ਸੀਨੀਅਰ ਅਧਿਆਪਕਾਂ ਦੀ ਮਾਨਸਿਕ ਪਰੇਸ਼ਾਨੀ ਵਧਾਉਣ ਦੀ ਗਿਣੀ ਮਿੱਥੀ ਸਾਜ਼ਿਸ਼ ਤਹਿਤ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਹੀ ਰੱਖਿਆ ਜਾਵੇ ਅਤੇ ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਤਿਆਰ ਕੀਤੀ ਜਾਵੇ। ਸੀ.ਐਂਡ.ਵੀ. ਤੋਂ ਮਾਸਟਰ ਕਾਡਰ ਦੀ ਪੈਡਿੰਗ ਤਰੱਕੀ (ਤਰੱਕੀ ਕੋਟਾ ਤਰਕਸੰਗਤ ਢੰਗ ਨਾਲ ਮੁੜ ਤੈਅ ਕਰਦਿਆਂ) ਮੁੁਕੰਮਲ ਕੀਤੀ ਜਾਵੇ। ਮਾਸਟਰ ਅਤੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀਆਂ ਵਿੱਚ ਨਵੇਂ ਅਧਿਆਪਕਾਂ ਨੂੰ ਸ਼ਾਮਿਲ ਕਰਕੇ ਫੌਰੀ ਅਪਡੇਟ ਕੀਤਾ ਜਾਵੇ। ਮਾਸਟਰ ਤੋਂ ਮੁੱਖ ਅਧਿਆਪਕ ਅਤੇ ਲੈਕਚਰਾਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ, ਅਸਾਮੀਆਂ ਦੀ ਸਹੀ ਗਿਣਤੀ ਅਨੁੁਸਾਰ ਬਣਦੀਆਂ ਪੈਂਡਿੰਗ ਪਦਉਨਤੀਆਂ ਦੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇ ਅਤੇ ਤਰੱਕੀ ਛੱਡਣ ਦੇ ਮਾਮਲਿਆਂ ‘ਚ ਮੈਰਿਟ ਅਨੁਸਾਰ ਅਗਲੇ ਯੋਗ ਅਧਿਆਪਕਾਂ ਨੂੰ ਤਰੱਕੀ ਪੱਤਰ ਜਾਰੀ ਕੀਤੇ ਜਾਣ। ਸਾਲ 2019 ਵਿੱਚ ਮਾਸਟਰ ਤੋਂ ਸਰੀਰਿਕ ਸਿੱਖਿਆ ਲੈਕਚਰਾਰ ਲਈ ਕੀਤੀਆਂ ਤਰੱਕੀਆਂ ਨੂੰ ਲਾਗੂ ਕਰਨ ਸਬੰਧੀ ਕਾਰਵਾਈ ਆਰੰਭੀ ਜਾਵੇ। ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੀ.ਈ.ਟੀ. ਪਾਸ ਹੋਣ ਦੀ ਸ਼ਰਤ ਹਟਾਈ ਜਾਵੇ ਅਤੇ ਮਾਸਟਰ ਕਾਡਰ ਦੇ ਪੈਡਿੰਗ ਵਿਸ਼ਿਆਂ ਲਈ ਤਰੱਕੀਆਂ ਵੀ ਕੀਤੀਆਂ ਜਾਣ। ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪੈਡਿੰਗ ਪਦਉੱਨਤੀਆਂ ਸੀਨੀਆਰਤਾ ਅਨੁੁਸਾਰ ਸਮੇਂ ਸਿਰ ਹੋਣੀਆਂ ਯਕੀਨੀ ਬਣਾਈਆਂ ਜਾਣ। ਸਹਾਇਕ ਡੀ.ਈ.ਓ. ਅਤੇ ਡੀ.ਈ.ਓ., ਸਹਾਇਕ ਡਾਇਰੈਕਟਰ ਅਤੇ ਡਾਇਰੈਕਟਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਸੀਨੀਆਰਤਾ ਸੂਚੀਆਂ ਅਪਡੇਟ ਕਰਦੇ ਹੋਏ, ਇੱਕ-ਇੱਕ ਅਫ਼ਸਰ ਨੂੰ ਦੋ-ਦੋ ਚਾਰਜ ਦੇਣ ਦੀ ਥਾਂ, ਤਰੱਕੀ ਪ੍ਰਕਿਰਿਆ ਰਾਹੀਂ ਫੌਰੀ ਭਰਿਆ ਜਾਵੇ। ਡੀ.ਪੀ.ਆਈਜ. ਅਤੇ ਡਾਇਰੈਕਟਰ ਦੀਆਂ ਅਸਾਮੀਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿੱਚੋਂ ਹੀ ਭਰਨੀਆਂ ਯਕੀਨੀ ਬਣਾਈ ਜਾਵੇ। ਇਸ ਮੌਕੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਮੀਤ ਪ੍ਰਧਾਨ ਜਸਵਿੰਦਰ ਅੌਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਵੀ ਹਾਜ਼ਰ ਰਹੇ।