
“ਹੈਪੀ ਚੌਧਰੀ “ਟੋਰਾਂਟੋ (ਕਨੇਡਾ)
ਪੁਰਾਤਨ ਸਮਿਆਂ ਵਿੱਚ ਸਿੰਜਾਈ ਦੇ ਪ੍ਰਚਲਿਤ ਅਤੇ ਸੁਖਾਲ਼ੇ ਸਾਧਨਾਂ ਵਿੱਚੋਂ ਇਕ ਸਾਧਨ ਸੀ ਢੀਂਗਰੀ ..! ਟਿਊਬਵੈਲ ਦੇ ਆਉਣ ਤੋ ਪਹਿਲਾਂ ਜਿਹੜੇ ਛੋਟੇ ਕਿਸਾਨ ਆਪਣੇ ਖੇਤਾਂ ਵਿੱਚ ਖੂਹ ਨਹੀਂ ਸਨ ਲਗਵਾ ਸਕਦੇ , ਉਹ ਆਪਣੇ ਖੇਤ ਵਿੱਚ ਇਕ ਖੂਹ ਦਾ ਹੀ ਇਕ ਛੋਟਾ ਰੂਪ,ਇਕ ਟੋਆ ਜਿਹਾ ਪੁੱਟ ਲੈਂਦੇ ਸਨ ! ਉਸ ਵਿੱਚ ਪਾਣੀ ਜਮ੍ਹਾਂ ਹੁੰਦਾ ਰਹਿੰਦਾ ਅਤੇ ਉਸ ਨਾਲ ਛੋਟੇ ਮੋਟੇ ਖੇਤ ਦੀ ਫਸਲ ਅਤੇ ਸਬਜ਼ੀਆਂ ਦੀ ਕਾਸ਼ਤ ਵਧੀਆ ਅਤੇ ਸਸਤੀ ਹੋ ਜਾਂਦੀ ਸੀ ..!
ਸੋ ਢੀਂਗਰੀ ਇਸ ਛੋਟੇ ਖੂਹ ਵਿੱਚੋਂ ਹੱਥੀ ਪਾਣੀ ਕੱਢਣ ਲਈ ਵਰਤੇ ਜਾਂਦੇ ਸੰਦ ਜਾਂ ਤਕਨੀਕ ਦਾ ਨਾਮ ਸੀ ..!
ਇਹ ਦੋ ਮਜ਼ਬੂਤ ਲੱਕੜਾਂ ਨੂੰ ਆਪਸ ਵਿੱਚ ਸਾਹਮਣੇ ਗੱਡ ਕੇ ਅਤੇ ਉਹਨਾ ਵਿੱਚ ਆਰ-ਪਾਰ ਇਕ ਹੋਰ ਮਜ਼ਬੂਤ ਲੱਕੜ ਬੰਨ੍ਹ ਲਈ ਜਾਂਦੀ ਸੀ, ਫਿਰ ਇਸ ਵਿਚਕਾਰ ਵਾਲੀ ਲੱਕੜ ਦੇ ਨਾਲ ਇਕ ਮਜ਼ਬੂਤ ਹਲਕੀ ਅਤੇ ਟੇਢੀ ਜਿਹੀ ਲੱਕੜ ਬੰਨ੍ਹ ਲਈ ਜਾਂਦੀ, ਬਿਲਕੁਲ ਜਿਵੇਂ ਕਿ ਅੱਜ ਦੇ ਜ਼ਮਾਨੇ ਬੱਚਿਆਂ ਦੇ ਝੂਟਣ ਵਾਲਾ ਪੰਘੂੜਾ ਹੁੰਦਾ ਐ..!
ਉਸ ਦੇ ਇਕ ਪਾਸੇ ਰੱਸੀ ਨਾਲ ਇਕ ਡੋਲ ਜਾਂ ਭਾਂਡਾ ਬੰਨ੍ਹ ਲਿਆ ਜਾਂਦਾ ਅਤੇ ਦੂਜੇ ਪਾਸੇ ਕੁਝ ਭਾਰੇ ਪੱਥਰ ਜਾਂ ਕਿਸੇ ਬੋਰੇ ਵਿੱਚ ਪਾ ਕੇ ਮਿੱਟੀ ਬੰਨ੍ਹ ਲਈ ਜਾਂਦੀ ਸੀ ..! ਹੁਣ ਉਸ ਟੋਏ ਵਿੱਚੋਂ ਪਾਣੀ ਕੱਢਣ ਵੇਲੇ ਇਸ ਡੋਲ ਜਾਂ ਭਾਂਡੇ ਵਾਲੇ ਪਾਸੇ ਨੂੰ ਕਿਸਾਨ ਆਪਣੇ ਭਾਰ ਨਾਲ ਦੱਬ ਕੇ ਉਸ ਨੂੰ ਪਾਣੀ ਵਿੱਚ ਡੁੱਬੋ ਦਿੰਦਾ ਅਤੇ ਪਾਣੀ ਭਰਨ ਤੱਕ ਡੁੱਬਿਆ ਰਹਿਣ ਦਿੰਦਾ .. ਉਪਰੰਤ ਉਸਨੂੰ ਹੌਲੀ ਹੌਲੀ ਛੱਡ ਦਿੱਤਾ ਜਾਂਦਾ, ਇੰਝ ਲੱਕੜ ਦੇ ਦੂਜੇ ਸਿਰੇ ਤੇ ਬੰਨ੍ਹੇ ਭਾਰ ਕਾਰਨ ਡੋਲ ਵਿਚਲਾ ਪਾਣੀ ਬੜੇ ਸੌਖੇ ਤਰੀਕੇ ਨਾਲ ਉਸ ਛੋਟੇ ਖੂਹ ਨੁਮਾ ਟੋਏ ਵਿੱਚੋਂ ਬਾਹਰ ਆ ਜਾਂਦਾ ਸੀ ..!
ਇਸ ਨੂੰ ਢੀਂਗਰੀ ਜਾਂ ਕੁਝ ਖ਼ਿੱਤਿਆਂ ਵਿੱਚ ਢੀਂਗਲ਼ੀ ਵੀ ਕਹਿ ਦਿੰਦੇ ਸਨ ..!
ਇਸੇ ਤਿਰਛੀ ਲਚਕਦਾਰ ਲੱਕੜ ਦੀ ਤਰਜ਼ ਉੱਪਰ ਇਕ ਖ਼ਾਸ ਕਿਸਮ ਦੇ ਢੀਂਗਰੀ ਚਾਦਰੇ ਬੰਨ੍ਹਣ ਦਾ ਰਿਵਾਜ ਵੀ ਚਲ ਪਿਆ ਜੋ ਵਕਤ ਪੈਣ ਤੇ ਅਗਾਂਹ ਜਾ ਕੇ ਪਜਾਮੇ ਦਾ ਰੂਪ ਵੀ ਧਾਰ ਗਿਆ ..ਪਰ ਹੁਣ ਦਿਨੋਂ ਦਿਨ ਉਸ ਢੰਗ ਦੇ ਕੱਪੜੇ ਅਤੇ ਉਹਨਾਂ ਨੂੰ ਸਿਉਣ ਵਾਲੇ ਕਾਰੀਗਰ ਅਲੋਪ ਹੋ ਰਹੇ ਹਨ ..!
ਸ਼ਾਲਾ ਸਾਡੇ ਵਿਰਸੇ ਦੇ ਇਹ ਅਨਮੋਲ ਰੰਗ ਸਾਡੀਆਂ ਭਵਿੱਖਤ ਪੀੜ੍ਹੀਆਂ ਤੱਕ ਵੀ ਚਮਕਦੇ ਰਹਿਣ ..?..
ਆਮੀਨ ..!
( ਇਕ ਹੋਰ “ਢੀਂਗਰੀ” ਸਫੈਦ ਸਵਾਦਿਸ਼ਟ ਖੁੰਬਾਂ ਦੀ ਕਿਸਮ ਨੂੰ ਵੀ ਕਹਿੰਦੇ ਨੇ ।)