
4 ਅਕਤੂਬਰ, ਜਨਮ ਦਿਨ ਮੌਕੇ ਵਿਸ਼ੇਸ਼
ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਦਿਨ ਹੈ ਅੱਜ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ,ਉਪ ਚੇਅਰਮੈਨ ਡਾ ਯੋਗਰਾਜ ਤੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸੁਨੇਹੇ ਰਾਹੀਂ ਚਾਤ੍ਰਿਕ ਜੀ ਦੇ ਪਾਠਕਾਂ ਤੇ ਪ੍ਰਸੰਸਕਾਂ ਨੂੰ ਵਧਾਈ ਦਿੰਦਿਆਂ ਚਾਰ ਸਾਲ ਪਹਿਲਾਂ ਚਾਤ੍ਰਿਕ ਜੀ ਦੇ ਪਿੰਡ ਵਿਖੇ ਪਰਿਸ਼ਦ ਵਲੋਂ ਜਨਮ ਸ਼ਤਾਬਦੀ ਮੌਕੇ ਕੀਤੇ ਸਮਾਗਮਾਂ ਨੂੰ ਯਾਦ ਕੀਤਾ ਹੈ। ਡਾ ਪਾਤਰ ਅਨੁਸਾਰ ਕਿ ਚਾਤ੍ਰਿਕ ਜੀ ਆਪਣੀਆਂ ਸਾਹਿਤਕ ਕਿਰਤਾਂ ਸਦਕਾ ਅਜ ਵੀ ਸਾਡੇ ਵਿਚਕਾਰ ਹਨ ਤੇ ਹਮੇਸ਼ਾ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ਡਾ ਯੋਗਰਾਜ ਨੇ ਕਿਹਾ ਕਿ ਚਾਤ੍ਰਿਕ ਜੀ ਦੇ ਵਖ ਵਖ ਲੋਕ ਗਾਇਕਾਂ ਵਲੋਂ ਰਿਕਾਰਡ ਕਰਵਾਏ ਗੀਤ ਲੋਕਾਂ ਦੀ ਜੁਬਾਨ ਉਤੇ ਅਜ ਵੀ ਹਨ। ਡਾ ਜੌਹਲ ਨੇ ਧਨੀ ਰਾਮ ਚਾਤ੍ਰਿਕ ਦੇ ਅਮਰ ਗੀਤਾਂ ਦਾ ਜਿਕਰ ਕਰਦਿਆਂ ਆਖਿਆ ਕਿ ਬਹੁਤ ਸਾਰੇ ਗਾਇਕਾਂ ਤੇ ਗਾਇਕਾਵਾਂ ਨੇ ਉਨਾ ਦੇ ਗੀਤ ਗਾ ਕੇ ਭਰਪੂਰ ਸ਼ੋਭਾ ਖੱਟੀ ਤੇ ਸੰਗੀਤ ਜਗਤ ਪਾਸੋਂ ਮਾਣ ਪਾਇਆ।
4 ਅਕਤੂਬਰ 1876 ਨੂੰ ਪੈਦਾ ਹੋਏ ਤੇ 18 ਦਸੰਬਰ 1954 ਨੂੰ ਪੂਰੇ ਹੋਏ ਧਨੀ ਰਾਮ ਚਾਤ੍ਰਿਕ ਨੇ ਆਪਣੀਆਂ ਸ਼ਾਹਕਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਇੰਨਾ ਵਿਚੋਂ ‘ਫੁੱਲਾਂ ਦੀ ਟੋਕਰੀ’ ‘ਭਰਥਰੀ ਹਰੀ’, ‘ਨਮ ਦਮਯੰਤੀ’,ਧਰਮਬੀਰ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਨ, ਬਾਦਸ਼ਾਹ ਬੇ, ਸੂਫੀ ਖਾਨਾ, ਦੋ ਉਤਮ ਜੀਵਨ, ਚੁੱਪ ਦੀ ਦਾਦ,ਭਾਈ ਪਰਬੋਧ ਸਿੰਘ ਜੀ ਦਾ ਜੀਵਨ ਸੁਧਾਰ, ਰਮੱਈਆ ਸੇਠ ਨਾਂ ਦੀਆਂ ਚੋਣਵੀਆਂ ਪੁਸਤਕਾਂ ਹਨ। ਧਨੀ ਰਾਮ ਚਾਤਰਿਕ ਨੇ ਕੁਛ ਕਿਤਾਬਾਂ ਦੇ ਅਨੁਵਾਦ ਵੀ ਬਾਖੂਬੀ ਕੀਤੇ। ਉਘੇ ਨਾਟਕਕਾਰ ਡਾ ਸੁਰਜੀਤ ਸਿੰਘ ਸੇਠੀ ਨੇ ਚਾਤਰਕ ਜੀ ਬਾਰੇ ਇਕ ਖੂਬਸੂਰਤ ਪੁਸਤਕ ਦੀ ਰਚਨਾ ਕੀਤੀ। ਲੰਮੇ ਸਮਾਂ ਆਪ ਦੀਆਂ ਲਿਖਤਾਂ ਉਤੇ ਵਖ ਵਖ ਯੂਨੀਵਰਸਿਟੀਆਂ ਵਲੋਂ ਖੋਜ ਕਾਰਜ ਕਰਵਾਏ ਗਏ ਤੇ ਹਾਲੇ ਵੀ ਹੋ ਰਹੇ ਹਨ। ਭਾਸ਼ਾ ਵਿਭਾਗ ਪੰਜਾਬ ਨੇ ਆਪ ਦੇ ਨਾਂ ਉਤੇ ‘ਕਵਿਤਾ ਪੁਰਸਕਾਰ’ ਵੀ ਸ਼ੁਰੂ ਕੀਤਾ। ਸਿਰਮੌਰ ਕਵੀ ਤੋਂ ਇਲਾਵਾ ਇਕ ਪ੍ਰਪੱਕ ਗੀਤਕਾਰ ਦੇ ਤੌਰ ਉਤੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਦੇਣ ਬਹੁ ਮੁੱਲੀ ਹੈ। ਉਨਾ ਦੇ ਜੀਵਨਕਾਲ, ਰਚਨਾ ਪ੍ਰਕ੍ਰਿਆ ਤੇ ਸ਼ਖਸੀਅਤ ਦੇ ਵਖ ਵਖ ਪੱਖਾਂ ਬਾਬਤ ਗੱਲ ਕਰਨ ਵਾਸਤੇ ਲੰਬਾ ਵੇਲਾ ਚਾਹੀਦਾ ਹੈ। ਡਾ ਸੁਰਜੀਤ ਪਾਤਰ ਨੇ ਕਿਹਾ ਕਿ ਇਹੋ ਜਿਹੇ ਮਹਾਨ ਕਵੀਆਂ,ਕਲਮਕਾਰਾਂ ਤੇ ਕਲਾਕਾਰਾਂ ਦੀ ਯਾਦ ਵਿਚ ਪੰਜਾਬ ਕਲਾ ਪਰਿਸ਼ਦ ਹਮੇਸ਼ਾ ਸਰਗਰਮ ਰਹਿੰਦੀ ਹੈ ਤੇ ਨਿਕਟ ਭਵਿੱਖ ਵਿਚ ਵੀ ਰਹੇਗੀ।
ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ