ਮਾਨਚੈਸਟਰ ਤੋਂ ਲਾਪਤਾ ਹੋਏ ਭਾਰਤੀ ਵਿਅਕਤੀ ਦੀ ਗਲਾਸਗੋ ‘ਚ ਹੋਣ ਦੀ ਉਮੀਦ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਪਿਛਲੇ ਤਕਰੀਬਨ ਛੇ ਦਿਨਾਂ ਤੋਂ ਮਾਨਚੈਸਟਰ ਤੋਂ ਲਾਪਤਾ ਹੋਏ 40 ਸਾਲਾਂ ਭਾਰਤੀ ਵਿਅਕਤੀ ਹਿੰਮਤ ਸਿੰਘ ਦੀ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਣ ਦੀ ਉਮੀਦ ਹੈ। ਪੁਲਿਸ ਦਾ ਮੰਨਣਾ ਹੈ ਕਿ ਹਿੰਮਤ ਸਿੰਘ ਨੂੰ ਆਖਰੀ ਵਾਰ ਸੌਕੀਹਾਲ ਸਟਰੀਟ ਵਿੱਚ ਸਮਿਥਸ ਹੋਟਲ ਅਤੇ ਰੇਨਫਰਿਊ ਸਟ੍ਰੀਟ ਵਿੱਚ ਹੈਮਪਟਨ ਕੋਰਟ ਹੋਟਲ ਦੇ ਕੋਲ ਸ਼ੁੱਕਰਵਾਰ ਸ਼ਾਮ ਨੂੰ ਦੇਖਿਆ ਗਿਆ ਸੀ। ਮਾਨਚੈਸਟਰ ਪੁਲਿਸ ਦੁਆਰਾ ਮੰਗਲਵਾਰ ਨੂੰ ਇੱਕ ਲਾਪਤਾ ਵਿਅਕਤੀ ਦੀ ਲੱਭਣ ਦੀ ਅਪੀਲ ਅਰੰਭ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਿੰਮਤ ਸਿੰਘ ਦੀਆਂ ਸੀ ਸੀ ਟੀ ਵੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਮੰਨ ਰਹੇ ਹਨ ਕਿ ਹੋ ਸਕਦਾ ਹੈ ਕਿ ਉਸਨੇ ਉੱਤਰ ਵੱਲ ਗਲਾਸਗੋ ਦੀ ਯਾਤਰਾ ਕੀਤੀ ਹੋਵੇ ਅਤੇ ਪੁਲਿਸ ਵਿਭਾਗ ਲੋਕਾਂ ਨੂੰ ਉਸ ਨੂੰ ਲੱਭਣ ਵਿੱਚ ਸਹਾਇਤਾ ਕਰਨ ਦੀ ਅਪੀਲ ਕਰ ਰਿਹਾ ਹੈ। ਪੁਲਿਸ ਅਨੁਸਾਰ ਹਿੰਮਤ ਸਿੰਘ ਦਾ ਕੱਦ ਤਕਰੀਬਨ 5 ਫੁੱਟ 9 ਇੰਚ ਹੈ। ਉਸਦੇ ਕਾਲੇ ਵਾਲ ਪਿਛਲੇ ਪਾਸੇ ਅਤੇ ਪਾਸਿਆਂ ਤੋਂ ਛੋਟੇ ਕੱਟੇ ਹੋਏ ਹਨ ਅਤੇ ਛੋਟੀ ਦਾੜ੍ਹੀ ਹੈ।ਉਸਨੂੰ ਆਖਰੀ ਵਾਰ ਨੇਵੀ ਬਲੂ ਜੀਨਸ, ਗੂੜ੍ਹੇ ਰੰਗ ਦੀ ਪਾਰਕਾ ਜੈਕੇਟ, ਫਰ ਵਾਲੀ ਹੁੱਡ ਅਤੇ ਭੂਰੇ ਰੰਗ ਦੇ ਬੂਟ ਪਾਏ ਹੋਏ ਵੇਖਿਆ ਗਿਆ ਸੀ। ਪੁਲਿਸ ਅਨੁਸਾਰ ਹਿੰਮਤ ਪਿਛਲੇ ਕੁੱਝ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ। ਸਕਾਟਲੈਂਡ ਪੁਲਿਸ ਨੇ ਲੋਕਾਂ ਦੇ ਨਾਲ ਨਾਲ ਹਿੰਮਤ ਸਿੰਘ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਠੀਕ ਹੋਣ ਬਾਰੇ ਉਹ ਕਿਸੇ ਨਾਲ ਸੰਪਰਕ ਕਰੇ ਕਿਉਂਕਿ ਉਸਦਾ ਪਰਿਵਾਰ ਉਸ ਲਈ ਬਹੁਤ ਚਿੰਤਤ ਹੈ।
