ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਅਰੀਜ਼ੋਨਾ ਵਿੱਚ ਫੀਨਿਕਸ ਹਵਾਈ ਅੱਡੇ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਹੈਲੀਕਾਪਟਰ ਅਤੇ ਇੱਕ ਸਿੰਗਲ ਇੰਜਣ ਵਾਲਾ ਜਹਾਜ਼ ਹਵਾ ਵਿੱਚ ਆਪਸ ‘ਚ ਟਕਰਾ ਗਏ। ਜਿਸ ਕਾਰਨ ਹੈਲੀਕਾਪਟਰ ਇੱਕ ਖੇਤ ਵਿੱਚ ਡਿੱਗ ਗਿਆ ਅਤੇ ਇਸ ਵਿੱਚ ਸਵਾਰ ਦੋਵਾਂ ਲੋਕਾਂ ਦੀ ਮੌਤ ਹੋ ਗਈ। ਜਦਕਿ ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਇਸ ਵਿਚਲੇ ਫਲਾਈਟ ਇੰਸਟ੍ਰਕਟਰ ਅਤੇ ਵਿਦਿਆਰਥੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪੁਲਿਸ ਅਨੁਸਾਰ ਇਹ ਟੱਕਰ ਸ਼ਹਿਰ ਦੇ ਮਿਊਂਸੀਪਲ ਹਵਾਈ ਅੱਡੇ ਦੇ ਨੇੜੇ ਚਾਂਡਲਰ ਸ਼ਹਿਰ ਵਿੱਚ ਹੋਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਚਾਂਡਲਰ ਫਾਇਰ ਵਿਭਾਗ ਨੂੰ ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹਵਾਈ ਅੱਡੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ, ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਹੈਲੀਕਾਪਟਰ ਦਾ ਨਿਰੀਖਣ ਕੀਤਾ ਅਤੇ ਜਹਾਜ਼ ਵਿੱਚ ਸਵਾਰ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਮੈਰੀਕੋਪਾ ਕਾਉਂਟੀ ਮੈਡੀਕਲ ਐਗਜਾਮੀਨਰ ਉਨ੍ਹਾਂ ਦੀ ਪਛਾਣ ਨਿਰਧਾਰਤ ਕਰੇਗਾ। ਇਸ ਹੈਲੀਕਾਪਟਰ ਦਾ ਸੰਚਾਲਨ ਕੁਆਂਟਮ ਹੈਲੀਕਾਪਟਰਜ਼ ਅਤੇ ਜਹਾਜ਼ ਦਾ ਸੰਚਾਲਨ ਫਲਾਈਟ ਆਪਰੇਸ਼ਨ ਅਕੈਡਮੀ ਦੁਆਰਾ ਕੀਤਾ ਗਿਆ ਸੀ ਅਤੇ ਇਹ ਦੋਵੇਂ ਉਡਾਣ ਸਕੂਲ ਹਨ। ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਦੀ ਲਈ ਅਗਵਾਈ ਕਰੇਗਾ ਅਤੇ ਪੁਲਿਸ ਵੀ ਇਸ ਮਾਮਲੇ ਲਈ ਪੁੱਛਗਿੱਛ ਕਰ ਰਹੀ ਹੈ।
