ਰਜਨੀ ਵਾਲੀਆ

ਮੈਂ ਉੱਜੜਿਆ ਪੰਜਾਬ ਵੇ ਲੋਕੋ,
ਮੇਰੇ ਨਾਲ ਕਿਸੇ ਨੂੰ ਕੀ।
ਗਰੀਬੜਾ ਪਿਆ ਅੰਨ ਨੂੰ ਤਰਸੇ,
ਭੁੱਖੇ ਸੌਂਦੇ ਨਿੱਕੇ ਜੀਅ।
ਮੈਂ ਉੱਜੜਿਆ ਪੰਜਾਬ ਵੇ ਲੋਕੋ
ਗੰਦਲੇ ਪੀਵਣ ਵਾਲੇ ਪਾਣੀਂ,
ਗੰਦਲੀਆਂ ਨੇਂ ਸੱਭੇ ਨਹਿਰਾਂ।
ਹਵਾਵਾਂ ਸੋਚਾਂ ਦੂਸ਼ਿਤ ਹੋਈਆਂ,
ਭਰੀਆਂ ਕਣ ਕਣ ਦੇ ਵਿੱਚ ਜ਼ਹਿਰਾਂ।
ਵਾਤਾਵਰਣ ਵੀ ਦੂਸ਼ਿਤ ਹੋਇਆ,
ਪਾਣੀ ਨਾ ਹੋਵੇ ਪੀ।
ਮੈਂ ਉੱਜੜਿਆ ਪੰਜਾਬ ਵੇ ਲੋਕੋ
ਮੇਰੇ ਨਾਲ ਕਿਸੇ ਨੂੰ ਕੀ
ਧੀ ਦੀ ਇੱਜਤ ਕਰੇ ਨਾ ਕੋਈ,
ਧੀ ਨੂੰ ਨਾ ਸਤਿਕਾਰ ਮਿਲੇ।
ਧੀ ਨੂੰ ਕੋਈ ਨਈਂ ਆਪਣਾਂ ਕਇੰਦਾ,
ਨਾ ਮਾਣ ਮਿਲੇ ਨਾ ਪਿਆਰ ਮਿਲੇ।
ਕੁੱਖੀਂ ਧੀਆਂ ਮਰ ਰਹੀਆਂ ਨੇਂ,
ਮਾਂ ਵੀ ਨਾ ਕਰਦੀ ਸੀ।
ਮੈਂ ਉੱਜੜਿਆ ਪੰਜਾਬ ਵੇ ਲੋਕੋ
ਮੇਰੇ ਨਾਲ ਕਿਸੇ ਨੂੰ ਕੀ
ਚਿੱਟ ਕੱਪੜੀਏ ਚਿੱਟੇ ਵੇਚ ਕੇ,
ਨਸ਼ੇ ਤੇ ਲਾਉਣ ਜਵਾਨੀ ਨੂੰ।
ਕਿਹੜਾ ਆਣ ਵਰਾਉਂਦਾ ਏਥੇ,
ਮੌਲਾ ਰੋਂਦੀ ਧੀ ਬੇਗਾਨੀ ਨੂੰ।
ਭਰੀ ਜਵਾਨੀ ਨਸ਼ਿਆਂ ਖਾ ਲਈ,
ਚੂੜਾ ਤੋੜੇ ਬੇਗਾਨੀ ਧੀ।
ਮੈਂ ਉੱਜੜਿਆ ਪੰਜਾਬ ਵੇ ਲੋਕੋ
ਮੇਰੇ ਨਾਲ ਕਿਸੇ ਨੂੰ ਕੀ
ਰੱਬ ਦੇ ਨਾਂ ਤੇ ਕਰਨ ਲੜਾਈਆਂ,
ਕੀ ਹੋਇਐ ਇਨਸਾਨਾਂ ਨੂੰ।
ਵੇਖਿਆ ਤਾਂ ਕਦੇ ਉਂਝ ਨੀ ਆਪਾਂ,
ਰਜਨੀਏ ਲੜਦਿਆਂ ਭਗਵਾਨਾਂ ਨੂੰ।
ਅੱਜ ਧਰਮਾਂ ਵਿੱਚ ਵਖਰੇਵੇਂ ਪੈ ਗਏ,
ਏ ਜ਼ਹਿਰ ਨਾ ਹੁੰਦਾ ਪੀ।
ਮੈਂ ਉੱਜੜਿਆ ਪੰਜਾਬ ਵੇ ਲੋਕੋ
ਮੇਰੇ ਨਾਲ ਕਿਸੇ ਨੂੰ ਕੀ
✍?ਰਚਨਾ
ਅਧਿਆਪਕਾ ਰਜਨੀ ਵਾਲੀਆ
ਕਪੂਰਥਲਾ