5ਜੈਬ ਜਰਖੜ ਹਾਕੀ ਅਕੈਡਮੀ ਸਮੇਤ 26 ਟੀਮਾਂ ਲੈਣਗੀਆਂ ਹਿੱਸਾ, ਜਰਖੜ ਅਕੈਡਮੀ ਹੁਣ ਕੌਮੀ ਪੱਧਰ ‘ਤੇ ਚਮਕੇਗੀ
ਲੁਧਿਆਣਾ (ਪੰਜ ਦਰਿਆ ਬਿਊਰੋ) ਹਾਕੀ ਨੂੰ ਗ੍ਰਾਸਰੂਟ ਤੇ ਪ੍ਰਫੁੱਲਤ ਕਰਨ ਦੇ ਉਪਰਾਲਿਆਂ ਨਾਲ ਹਾਕੀ ਇੰਡੀਆ ਵੱਲੋਂ ਪਹਿਲੀ ਜੂਨੀਅਰ ਨੈਸ਼ਨਲ ਅਕੈਡਮੀਜ਼ ਸਬ ਜੂਨੀਅਰ ਚੈਂਪੀਅਨਸ਼ਿਪ 4 ਅਕਤੂਬਰ ਤੋਂ 13 ਅਕਤੂਬਰ ਤੱਕ ਸਾਈ ਸੈਂਟਰ ਭੋਪਾਲ ਵਿਖੇ ਹੋ ਰਹੀ ਹੈ । ਇਸ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਪੂਰੇ ਮੁਲਕ ਭਰ ਵਿਚੋਂ 26 ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਕੌਮੀ ਪੱਧਰ ਦੀ ਹਾਕੀ ਚੈਂਪੀਅਨਸ਼ਿਪ ਵਿੱਚ ਮੁਲਕ ਭਰ ਵਿਚੋਂ ਜੋ ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ , ਸਿਟੀਜ਼ਨ ਹਾਕੀ ਇਲੈਵਨ, ਨਾਮਧਾਰੀ ਹਾਕੀ ਅਕੈਡਮੀ ਮੱਧਿਆ ਪ੍ਰਦੇਸ਼ ਹਾਕੀ ਅਕੈਡਮੀ, ਚੀਮਾ ਹਾਕੀ ਅਕੈਡਮੀ ਗੁਰਦਾਸਪੁਰ, ਭਾਈ ਬਹਿਲੋ ਹਾਕੀ ਅਕੈਡਮੀ ਭਾਈ ਭਗਤਾ, ਮਾਲਵਾ ਅਕੈਡਮੀ ਹਨੂੰਮਾਨਗੜ੍ਹ, ਓਲੰਪੀਅਨ ਵਿਵੇਕ ਸਿੰਘ ਹਾਕੀ ਅਕੈਡਮੀ , ਹਰ ਹਾਕੀ ਅਕੈਡਮੀ , ਹਿਮ ਹਾਕੀ ਅਕੈਡਮੀ ਹਿਮਾਚਲ ,ਤਾਮਿਲਨਾਡੂ ਹਾਕੀ ਅਕੈਡਮੀ, ਸਾਈ ਅਕੈਡਮੀ ਭੋਪਾਲ , ਟਾਟਾ ਹਾਕੀ ਅਕੈਡਮੀ ਉੜੀਸਾ ,ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ,ਧਿਆਨ ਚੰਦ ਹਾਕੀ ਅਕੈਡਮੀ ਲਖਨਊ , ਜੈ ਭਾਰਤ ਹਾਕੀ ਅਕੈਡਮੀ , ਰਾਊਂਡ ਗਲਾਸ ਹਾਕੀ ਅਕੈਡਮੀ ਜਲੰਧਰ ਆਦਿ ਹੋਰ ਨਾਮੀ ਹਾਕੀ ਅਕੈਡਮੀਆਂ ਹਿੱਸਾ ਲੈਣਗੀਆਂ। ਹਾਕੀ ਇੰਡੀਆ ਨੇ ਹੇਠਲੇ ਪੱਧਰ ਤੇ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਸਬ ਜੂਨੀਅਰ ਪੱਧਰ ਤੇ ਇਹ ਹਾਕੀ ਮੁਕਾਬਲੇ ਸ਼ੁਰੂ ਕੀਤੇ ਹਨ ਇਨ੍ਹਾਂ ਵਿੱਚੋਂ ਹਾਕੀ ਦਾ ਹੁਨਰ ਤਰਾਸ਼ ਕੇ ਉਨ੍ਹਾਂ ਦਾ ਕੌਮੀ ਪੱਧਰ ਤੇ ਕੋਚਿੰਗ ਕੈਂਪ ਲਗਾਇਆ ਜਾਵੇਗਾ ਅਤੇ ਇਨ੍ਹਾਂ ਟੀਮਾਂ ਵਿੱਚੋਂ ਹੀ ਭਾਰਤ ਦੀਆਂ ਜੂਨੀਅਰ ਪੱਧਰ ਦੀਆਂ ਹਾਕੀ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹਾਕੀ ਇੰਡੀਆ ਵੱਲੋਂ ਜੂਨੀਅਰ ਪੱਧਰ ਦੀ ਹਾਕੀ ਚੈਂਪੀਅਨਸ਼ਿਪ (ਅੰਡਰ -18) ਵੀ 18 ਤੋਂ 27 ਅਕਤੂਬਰ ਤੱਕ ਭੋਪਾਲ ਵਿਖੇ ਹੀ ਕਰਵਾਈ ਜਾ ਰਹੀ ਹੈ ਉਸ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਮੁਲਕ ਭਰ ਵਿਚੋਂ 25 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ । ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੂੰ ਵਿਸ਼ੇਸ਼ ਤੌਰ ਤੇ ਐਂਟਰੀ ਦਿੱਤੀ ਗਈ ਹੈ ।ਕੌਮੀ ਹਾਕੀ ਚੈਂਪੀਅਨਸ਼ਿਪ ਖੇਡਣ ਵਾਸਤੇ ਜਰਖੜ ਹਾਕੀ ਅਕੈਡਮੀ ਨੂੰ 5ਜੈਬ ਫਾਊਂਡੇਸ਼ਨ ਨੇ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਹੈ । ਟੀਮ ਦੀ ਸਾਰੀ ਸਪੋਰਟਸ ਕਿੱਟ ਅਤੇ ਟਰੈਕ ਸੂਟ 5ਜੈਬ ਫਾਊਂਡੇਸ਼ਨ ਵੱਲੋਂ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਡੇਢ ਲੱਖ ਦੇ ਕਰੀਬ ਖਰਚ ਆਇਆ ਹੈ । ਜਰਖੜ ਹਾਕੀ ਅਕੈਡਮੀ ਨੂੰ ਕੌਮੀ ਪੱਧਰ ਤੇ ਐਂਟਰੀ ਮਿਲਣ ਨਾਲ ਇਲਾਕੇ ਦੇ ਵਿੱਚ ਹਾਕੀ ਖਿਡਾਰੀਆਂ ਨੂੰ ਅਤੇ ਹਾਕੀ ਖੇਡ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲੇਗਾ ਅਤੇ ਬੱਚਿਆਂ ਨੂੰ ਸਿੱਧੇ ਤੌਰ ਤੇ ਕੌਮੀ ਖਿਡਾਰੀ ਬਣਨ ਦਾ ਮੌਕਾ ਮਿਲੇਗਾ ।
