ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾ ਵੈਕਸੀਨ ਲੱਗੇ ਹੋਣ ਦੇ ਸਬੂਤ ਵਜੋਂ ਐੱਨ ਐੱਚ ਐੱਸ ਕੋਵਿਡ ਸਟੇਟਸ ਐਪ ਦੀ ਵੀਰਵਾਰ ਨੂੰ ਸ਼ੁਰੂਆਤ ਕੀਤੀ ਗਈ ਹੈ। ਇਹ ਐਪ ਸਰਕਾਰ ਦੁਆਰਾ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਲਾਗੂ ਵੈਕਸੀਨ ਪ੍ਰਮਾਣੀਕਰਨ ਦੀ ਯੋਜਨਾ ਤੋਂ ਪਹਿਲਾਂ ਡਾਉਨਲੋਡ ਕਰਨ ਲਈ ਉਪਲੱਬਧ ਕਰਵਾਈ ਗਈ ਹੈ। ਇਸ ਲਈ ਹੁਣ ਇਸ ਐਪ ਨੂੰ ਆਈਫੋਨ ਲਈ ਇਸਦੇ ਐਪ ਸਟੋਰ ਤੋਂ ਅਤੇ ਐਂਡਰਾਇਡ ਲਈ ਗੂਗਲ ਪਲੇਅ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੀ ਉਪਲੱਬਧੀ ਨਾਲ ਉਪਭੋਗਤਾ ਹੁਣ ਇਸ ਐਪ ਨੂੰ ਡਾਉਨਲੋਡ ਕਰਨ ਦੇ ਯੋਗ ਹੋ ਗਏ ਹਨ, ਜਿਸ ਨਾਲ ਉਹ ਆਪਣੀ ਕੋਵਿਡ ਵੈਕਸੀਨ ਸਥਿਤੀ ਦੀ ਪੁਸ਼ਟੀ ਦਿਖਾ ਸਕਣਗੇ। ਇਹ ਐਪ ਇੱਕ ਕਿਊ ਆਰ ਕੋਡ ਮੁਹੱਈਆ ਕਰਵਾਏਗੀ, ਜੋ ਕਿ ਸਥਾਨਾਂ ਜਿਵੇਂ ਕਿ ਨਾਈਟ ਕਲੱਬਾਂ ਅਤੇ ਫੁੱਟਬਾਲ ਸਟੇਡੀਅਮਾਂ ਦੇ ਅਧਿਕਾਰੀ ਸਕੈਨ ਕਰ ਸਕਣਗੇ, ਜਿਸ ਨਾਲ ਵਿਅਕਤੀ ਦੀ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸਥਿਤੀ ਬਾਰੇ ਪੁਸ਼ਟੀ ਹੋ ਸਕੇਗੀ। ਇਹ ਐਪ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕਰਦੀ ਹੈ। ਇਸਦੇ ਇਲਾਵਾ ਇਸ ਐਪ ‘ਤੇ ਡਾਟਾ ਐਨਕ੍ਰਿਪਟ ਕੀਤਾ ਗਿਆ ਹੈ, ਜੋ ਕਿ ਐੱਨ ਐੱਚ ਐੱਸ ਸਕਾਟਲੈਂਡ ਦੁਆਰਾ ਰੱਖਿਆ ਗਿਆ ਹੈ ਅਤੇ ਸਿਰਫ ਸੇਵਾ ਪ੍ਰਦਾਨ ਕਰਨ ਲਈ ਲੋੜੀਂਦੀਆਂ ਭਰੋਸੇਯੋਗ ਧਿਰਾਂ ਨਾਲ ਹੀ ਸਾਂਝਾ ਕੀਤਾ ਗਿਆ ਹੈ।
