ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨਵੀ ਰਾਜਧਾਨੀ ਲੰਡਨ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਕੀਤੇ ਸਾਰਾਹ ਐਵਰਾਰਡ ਨਾਮ ਦੀ ਮਹਿਲਾ ਦੇ ਕਤਲ ਤੋਂ ਬਾਅਦ ਮਹਿਲਾਵਾਂ ਲਈ ਅਸੁਰੱਖਿਅਤ ਮਾਹੌਲ ਪੈਦਾ ਹੋ ਗਿਆ ਹੈ। ਇਸਦੇ ਮੱਦੇਨਜ਼ਰ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਦੁਆਰਾ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ 650 ਨਵੇਂ ਅਧਿਕਾਰੀ ਤਾਇਨਾਤ ਕਰਨ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਸ਼ਹਿਰ ਦੇ ਖੇਤਰਾਂ ਵਿੱਚ ਗਸ਼ਤ ਵਧਾਉਣਗੇ। ਇਸਦੇ ਇਲਾਵਾ ਪੁਲਿਸ ਵਿਭਾਗ ਨੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਨੂੰ ਪ੍ਰਕਾਸ਼ਿਤ ਕਰਨ ਦਾ ਵੀ ਵਾਅਦਾ ਵੀ ਕੀਤਾ ਹੈ। ਮੀਟ ਪੁਲਿਸ ਅਨੁਸਾਰ 650 ਨਵੇਂ ਅਧਿਕਾਰੀ ਵਿਅਸਤ ਜਨਤਕ ਥਾਵਾਂ ‘ਤੇ ਤਾਇਨਾਤ ਕੀਤੇ ਜਾਣਗੇ। ਇਸਦੇ ਨਾਲ ਹੀ ਸਕਾਟਲੈਂਡ ਯਾਰਡ ਨੇ ਵੀ ਗਸ਼ਤ ਵਧਾਉਣ ਅਤੇ ਹਿੰਸਾ ਅਤੇ ਪਰੇਸ਼ਾਨੀ ਲਈ “ਹੌਟਸਪੌਟ” ਸਥਾਨਾਂ ਵਜੋਂ ਜਾਣੇ ਜਾਂਦੇ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ਦਾ ਵਾਅਦਾ ਵੀ ਕੀਤਾ ਹੈ।
