ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸ਼ਹਿਰ ਡੈਲਾਸ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਵਿੱਚ ਗੈਸ ਧਮਾਕੇ ਕਾਰਨ ਇਸਦਾ ਇੱਕ ਹਿੱਸਾ ਡਿੱਗ ਪਿਆ ਜਿਸ ਕਾਰਨ ਫਾਇਰ ਫਾਈਟਰਾਂ ਸਮੇਤ 7 ਵਿਅਕਤੀ ਜਖਮੀ ਹੋਏ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਦੀ ਜਾਂਚ ਕਰਨ ਲਈ ਫਾਇਰਫਾਈਟਰਜ਼ ਨੂੰ ਬੁਲਾਇਆ ਗਿਆ ਸੀ। ਡੈਲਾਸ ਫਾਇਰ ਰੈਸਕਿਊ ਦੇ ਅਨੁਸਾਰ, ਜਦੋਂ ਅੱਗ ਬੁਝਾਉਣ ਵਾਲੇ ਕਰਮਚਾਰੀ ਸਥਾਨਕ ਸਵੇਰੇ 10:30 ਵਜੇ ਦੇ ਕਰੀਬ ਸਾਊਥ ਡੈਲਾਸ ਅਪਾਰਟਮੈਂਟ ਬਿਲਡਿੰਗ ਪਹੁੰਚੇ ਤਾਂ ਉਨ੍ਹਾਂ ਨੇ ਇਮਾਰਤ ਦੇ ਆਲੇ ਦੁਆਲੇ ਗੈਸ ਦੀ ਬਦਬੂ ਦਾ ਅਨੁਭਵ ਕੀਤਾ, ਜਿਸ ਉਪਰੰਤ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਘਟਨਾ ਸਥਾਨ ਦੀ ਜਾਂਚ ਕਰ ਰਹੇ ਸਨ ਤਾਂ ਇੱਕ ਧਮਾਕਾ ਹੋਇਆ, ਜਿਸ ਕਾਰਨ ਇਸ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਇਸਦੇ ਇਲਾਵਾ ਅੱਗ ਲੱਗਣ ਕਾਰਨ ਇਮਾਰਤ ਦਾ ਕੁੱਝ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਧਮਾਕੇ ਵਿੱਚ ਚਾਰ ਫਾਇਰ ਫਾਈਟਰਾਂ ਸਮੇਤ ਸੱਤ ਲੋਕ ਜ਼ਖਮੀ ਹੋਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ । ਇਹਨਾਂ ਵਿੱਚੋਂ ਤਿੰਨ ਫਾਇਰ ਫਾਈਟਰਜ਼ ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਦੇ ਲਈ ਜਾਂਚ ਸ਼ੁਰੂ ਕੀਤੀ ਗਈ ਹੈ।
