ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ / ਸਾਨ ਫਰਾਂਸਿਸਕੋ (ਕੈਲੀਫੋਰਨੀਆਂ)
ਵੱਖੋ ਵੱਖ ਸੇਵਾਵਾਂ ਕਰਕੇ ਪ੍ਰਦੇਸ਼ਾਂ ਵਿੱਚ ਪੰਜਾਬੀ ਅਕਸਰ ਸਿੱਖ ਕੌਮ ਦਾ ਨਾਮ ਚਮਕਾਉਂਦੇ ਰਹਿੰਦੇ ਨੇ। ਪਿਛਲੇ ਦਿਨੀਂ ਸਿੱਖੀ ਸਰੂਪ ਵਾਲੇ ਪੰਜਾਬੀ ਸਿੱਖ ਸਰੂਪ ਸਿੰਘ ਝੱਜ ਨੇ ਗੋਰਿਆਂ ਨਾਲ ਭਰੇ ਸਟੇਡੀਅਮ ਵਿੱਚ ਜਿੱਥੇ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ, ਓਥੇ ਅਮਰੀਕਾ ਵਿੱਚ ਸਿੱਖ ਪਹਿਚਾਣ ਨੂੰ ਵੀ ਨਵਾਂ ਹੁਲਾਰਾ ਦਿੱਤਾ। ਸਰੂਪ ਸਿੰਘ ਝੱਜ ਜਿਹੜੇ ਕਿ ਕੈਲੀਫੋਰਨੀਆਂ ਸਥਿਤ ‘ਸਹਾਇਤਾ’ ਸੰਸਥਾ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ। ਸਹਾਇਤਾ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਦੁਨੀਆਂ ਪੱਧਰ ‘ਤੇ ਦੀਨ ਦੁਖੀ ਦੀ ਮੱਦਦ ਕਰਨ ਕਰਕੇ ਚਰਚਾ ਵਿੱਚ ਰਹੀ ਹੈ। ਇਸ ਸੰਸਥਾ ਨੇ ਕੋਵਿਡ ਦੇ ਦਿਨਾਂ ਦੌਰਾਨ ਵੀ ਡਟਕੇ ਲੋਕਾਂ ਦੀ ਮੱਦਦ ਕੀਤੀ ਅਤੇ ਇਸ ਸੰਸਥਾ ਨੇ ਕੁੱਝ ਸਾਲ ਪਹਿਲਾਂ ਪੈਰਾਡਾਈਸ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ ਸਮੇਂ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਵੀ ਲੋੜਵੰਦਾ ਲਈ ਹੱਥ ਅੱਗੇ ਵਧਾਇਆ ਸੀ। ਇਹਨਾਂ ਸਭ ਕਾਰਜਾਂ ਦੇ ਚੱਲਦਿਆਂ ਸਰੂਪ ਸਿੰਘ ਝੱਜ ਦਾ ਬੇਟਾ ਗੁਰਜਾਪ ਸਿੰਘ ਝੱਜ ਸਾਨ ਫਰਾਂਸਿਸਕੋ ਜਾਇੰਟਸ ਬੇਸਬਾਲ ਟੀਮ ਲਈ ਮਾਈਨਰ ਲੀਗ ਲਈ ਕੰਮ ਕਰ ਰਿਹਾ ਸੀ। ਇਹ ਬੇਸਬਾਲ ਟੀਮ ਹਰ ਸਾਲ ਕਿਸੇ ਐਸੀ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਸਨਮਾਨਿਤ ਕਰਦੇ ਹਨ, ਜੋ ਨੌਨਪਰਾਫਟ ਹੋਵੇ ਤੇ ਨਿਰਸਵਾਰਥ ਲੋਕਾਂ ਦੀ ਮੱਦਦ ਕਰਦੀ ਹੋਵੇ। ਗੁਰਜਾਪ ਸਿੰਘ ਝੱਜ ਨੇ ਆਪਣੇ ਪਿਤਾ ਸਰੂਪ ਸਿੰਘ ਝੱਜ ਅਤੇ ਸਹਾਇਤਾ ਨੂੰ ਨੌਮੀਨੇਟ ਕੀਤਾ। ਬੇਸਬਾਲ ਟੀਮ ਜਾਇੰਟਸ ਨੇ ਸਹਾਇਤਾ ਨੂੰ ਚੁਣਿਆਂ ਅਤੇ ਸਾਨ ਫਰਾਂਸਿਸਕੋ ਵਿਖੇ ਓਰੇਕਲ ਪਾਰਕ ਸਟੇਡੀਅਮ ਵਿੱਖੇ ਹਾਫ਼ ਟਾਇਮ ਦੌਰਾਨ ਲੋਕਾਂ ਨਾਲ ਖਚਾ ਖਚਾ ਭਰੇ ਸਟੇਡੀਅਮ ਦੌਰਾਨ ਸਹਾਇਤਾ ਸੰਸਥਾ ਲਈ 2500 ਡਾਲਰ ਅਤੇ ਸਨਮਾਨ ਵਜੋ ਸ. ਸਰੂਪ ਸਿੰਘ ਝੱਜ ਨੂੰ ਸਰਟੀਫਿਕੇਟ ਦੇਕੇ ਸਨਮਾਨਿਆ ਗਿਆ। ਕਰੀਬ ਅੱਧੇ ਮਿੰਟ ਤੱਕ ਸਰੂਪ ਸਿੰਘ ਝੱਜ ਦੀ ਲਾਈਵ ਤਸਵੀਰ ਸਟੇਡੀਅਮ ਦੀਆਂ ਵੱਡੀਆ ਸਕਰੀਨਾਂ ਤੇ ਵਿਖਾਈ ਗਈ। ਇਹਨਾਂ ਸੁਨਹਿਰੀ ਪਲਾਂ ਨੂੰ ਸ਼ੋਸ਼ਲ ਮੀਡੀਆ ਨੇ ਪ੍ਰਮੁੱਖਤਾ ਵਾਇਰਲ ਕੀਤਾ। ਸ. ਸਰੂਪ ਸਿੰਘ ਝੱਜ ਅਤੇ ਸਹਾਇਤਾ ਸੰਸਥਾ ਦੀ ਹਰ ਪਾਸਿਓਂ ਤਰੀਫ਼ ਹੋ ਰਹੀ ਹੈ। ਇਸ ਮੌਕੇ ਕਰੀਬ ਅੱਧੀ ਦਰਜਨ ਤੋ ਵੱਧ ਸੀਟਾਂ ਵੀ ਸਹਾਇਤਾ ਮੈਂਬਰਾਂ ਲਈ ਰਾਖਵੀਂਆਂ ਰੱਖੀਆਂ ਗਈਆ ਸਨ। ਇਸ ਮੌਕੇ ਸਹਾਇਤਾ ਸੰਸਥਾ ਦੇ ਕਈ ਮੈਂਬਰ ਜਿਹਨਾਂ ਵਿੱਚ ਜਗਦੀਪ ਸਿੰਘ ਸਹੋਤਾ, ਪਵਿੱਤਰ ਕੌਰ ਥਿਆੜਾ, ਸਮਰੀਨ ਸੰਧੂ, ਗੁਰਜਾਪ ਸਿੰਘ ਝੱਜ, ਰਾਜਨ ਗਿੱਲ, ਹਰਰੂਪ ਸਿੰਘ ਸਹੋਤਾ ਅਤੇ ਜਗਮੀਤ ਸਿੰਘ ਆਦਿ ਦੇ ਨਾਮ ਜਿਕਰਯੋਗ ਹਨ।