ਪਹਿਲੇ ਦਿਨ ਮੋਗਾ ਅਤੇ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਸਾਥੀ ਮੋਰਚੇ ‘ਤੇ ਡਟਣਗੇ
ਮੋਗਾ (ਪੰਜ ਦਰਿਆ ਬਿਊਰੋ) ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟ ਸੋਰਸ ਅਤੇ ਡੇਲੀ ਵੇਜ ਮੁਲਾਜਮਾਂ ਤੇ ਘੱਟੋ-ਘੱਟ ਵੇਜ ਲਾਗੂ ਕਰਵਾਉਣ ਅਤੇ ਸਰਕਾਰ ਵੱਲੋਂ ਪੇ ਕਮਿਸ਼ਨ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਮੁਲਾਜਮ ਧਿਰਾਂ ਵੱਲੋਂ ਰੱਦ ਕਰਕੇ ਸੋਧਿਆ ਹੋਇਆ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਪੱਧਰ ਤੇ ਪਟਿਆਲਾ ਅਤੇ ਮੁਹਾਲੀ ਵਿਖੇ ਦੋ ਵੱਡੀਆਂ ਰੈਲੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਪੰਜਾਬ ਨਾਲ ਇਨ੍ਹਾਂ ਮਸਲਿਆਂ ਨੂੰ ਲੈ ਕੇ ਮੀਟਿੰਗ ਤਹਿ ਹੋ ਗਈ ਸੀ ਪਰ ਸਰਕਾਰ ਦੀ ਅਸਥਿਰਤਾ ਅਤੇ ਚੱਲ ਰਹੀ ਡਰਾਮੇਬਾਜ਼ੀ ਕਾਰਨ ਮੁਲਾਜਮਾਂ ਨੂੰ ਨਵੇਂ ਸਿਰੇ ਤੋਂ ਸੰਘਰਸ਼ ਵਿੱਢਣ ਦੀ ਲੋੜ ਪੈ ਗਈ ਹੈ ਤੇ ਇਸੇ ਕਾਰਨ ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋਂ 2 ਅਕਤੂਬਰ ਤੋਂ ਮੋਰਿੰਡਾ ਵਿਖੇ ਦਿਨ ਰਾਤ ਦਾ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੋਰਚੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਦਫਤਰ ਸਿਵਲ ਸਰਜਨ ਮੋਗਾ ਵਿਖੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਮੋਗਾ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਆਪਣੀ ਕੁਰਸੀ ਦੀ ਖੋਹ ਖਿੰਝ ਵਿੱਚ ਟਾਇਮ ਪਾਸ ਕਰਨ ਲੱਗੀ ਹੋਈ ਹੈ, ਜਿਸ ਕਾਰਨ ਪੰਜਾਬ ਇੱਕ ਤਰ੍ਹਾਂ ਨਾਲ ਲਾਵਾਰਿਸ ਹੋ ਚੁੱਕਾ ਹੈ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੀ ਸਾਰ ਲੈਣ ਦਾ ਸਰਕਾਰ ਕੋਲ ਵਕਤ ਨਹੀਂ ਹੈ ।ਜਿਸ ਕਾਰਨ ਮੁਲਾਜਮਾਂ ਅੰਦਰ ਨਿਰਾਸ਼ਾ ਅਤੇ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਤੇ ਉਹ ਹੁਣ ਆਰ ਪਾਰ ਦੀ ਲੜਾਈ ਦੇ ਰੌਂਅ ਵਿੱਚ ਆ ਗਏ ਹਨ। ਇਸੇ ਕਾਰਨ ਸਾਂਝਾ ਫਰੰਟ ਵੱਲੋਂ 2 ਅਕਤੂਬਰ ਤੋਂ ਮੋਰਿੰਡਾ ਵਿਖੇ ਦਿਨ ਰਾਤ ਦਾ ਲਗਾਤਾਰ ਧਰਨਾ ਲਗਾਉਣ ਦਾ ਫੈਸਲਾ ਲਿਆ ਹੈ। ਇਸ ਮੋਰਚੇ ਵਿੱਚ ਰੋਜਾਨਾ ਪੈਰਾਮੈਡੀਕਲ ਦੇ ਦੋ ਜਿਲੇ 12 ਵਜੇ ਧਰਨੇ ਵਿੱਚ ਸ਼ਾਮਿਲ ਹੋਇਆ ਕਰਨਗੇ ਅਤੇ ਦੂਜੇ ਦਿਨ 12ਵਜੇ ਵਾਪਸ ਹੋਇਆ ਕਰਨਗੇ। ਮੋਰਚੇ ਦੇ ਪਹਿਲੇ ਦਿਨ ਯਾਨੀ 2 ਅਕਤੂਬਰ ਨੂੰ ਮੋਗਾ ਅਤੇ ਫਤਹਿਗੜ੍ਹ ਸਾਹਿਬ ਸ਼ਾਮਿਲ ਹੋਣਗੇ, ਦੂਜੇ ਦਿਨ 3 ਅਕਤੂਬਰ ਨੂੰ ਰੋਪੜ ਅਤੇ ਸ਼੍ਰੀ ਮੁਕਤਸਰ ਸਾਹਿਬ, 4 ਅਕਤੂਬਰ ਨੂੰ ਲੁਧਿਆਣਾ ਅਤੇ ਬਠਿੰਡਾ, 5 ਅਕਤੂਬਰ ਨੂੰ ਨਵਾਂ ਸ਼ਹਿਰ ਅਤੇ ਫਿਰੋਜ਼ਪੁਰ,6 ਅਕਤੂਬਰ ਨੂੰ ਮਾਨਸਾ ਅਤੇ ਸੰਗਰੂਰ ਅਤੇ 7 ਅਕਤੂਬਰ ਨੂੰ ਫਾਜਿਲਕਾ ਅਤੇ ਜਲੰਧਰ ਜਿਲੇ ਸ਼ਾਮਿਲ ਹੋਣਗੇ। ਉਨ੍ਹਾਂ ਮੁਲਾਜ਼ਮ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੰਗਾਂ ਮਸਲਿਆਂ ਤੇ ਪੋਚਾ ਫੇਰਨਾ ਚਾਹੁੰਦੀ ਹੈ ਤੇ ਤੁਹਾਡਾ ਤਾਕਤਵਰ ਅਤੇ ਯੋਜਨਾਬੱਧ ਸੰਘਰਸ਼ ਹੀ ਤੁਹਾਨੂੰ ਤੁਹਾਡੇ ਹੱਕ ਦਵਾ ਸਕਦਾ ਹੈ। ਇਸ ਲਈ ਸੰਘਰਸ਼ ਲਈ ਇੱਕਜੁਟ ਹੋ ਕੇ ਪੂਰੇ ਜੋਰ ਅਤੇ ਜੋਸ਼ ਨਾਲ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰੋ। ਇਸ ਮੌਕੇ ਮੋਰਚੇ ਨੂੰ ਕਾਮਯਾਬ ਬਣਾਉਣ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸਾਥੀ ਢਿੱਲੋਂ ਨੇ ਦੱਸਿਆ ਕਿ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਸਰਕਾਰ ਨੂੰ ਸਬਕ ਸਿਖਾਉਣਗੇ। ਇਸ ਮੌਕੇ ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਢੁਡੀਕੇ, ਐਸ ਐਮ ਐਲ ਟੀ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਮਾਹਲਾ ਅਤੇ ਅਨਮੋਲ ਸਿੰਘ ਭੱਟੀ, ਸਟਾਫ ਨਰਸ ਐਸੋਸੀਏਸ਼ਨ ਦੀ ਪ੍ਰਧਾਨ ਜਗਪਾਲ ਕੌਰ, ਸੁਖਦੀਪ ਕੌਰ ਅਤੇ ਕੁਲਵਿੰਦਰ ਕੌਰ, ਬਲਾਕ ਧਰਮਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਤੂਰ, ਬਲਾਕ ਪੱਤੋ ਹੀਰਾ ਸਿੰਘ ਦੇ ਪ੍ਰਧਾਨ ਜਸਵਿੰਦਰ ਕੌਰ ਅਤੇ ਰਮਨਜੀਤ ਸਿੰਘ ਭੁੱਲਰ, ਬਲਾਕ ਢੁੱਡੀਕੇ ਦੇ ਪ੍ਰਧਾਨ ਮਨਦੀਪ ਸਿੰਘ ਭਿੰਡਰ, ਅਮਰ ਸਿੰਘ, ਇੰਦਰਜੀਤ ਕੌਰ, ਮਲਟੀਪਰਪਜ ਯੂਨੀਅਨ ਦੇ ਜਨਰਲ ਸਕੱਤਰ ਮਨਵਿੰਦਰ ਕਟਾਰੀਆ, ਮਹਿੰਦਰ ਪਾਲ ਲੂੰਬਾ, ਕੁਲਦੀਪ ਕੌਰ, ਜਸਪ੍ਰੀਤ ਕੌਰ ਅਤੇ ਪਰਮਿੰਦਰ ਸ਼ਰਮਾ ਬੱਡੂਵਾਲ ਆਦਿ ਹਾਜਰ ਸਨ।
