
ਹੁਸੈਨੀਵਾਲਾ (ਦਲਜੀਤ ਕੌਰ ਭਵਾਨੀਗੜ੍ਹ) ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ ਤੇ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਦਾ ਵਲੋਂ ਹੁਸੈਨੀਵਾਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ ਪਿਛਲੇ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਮੋਰਚੇ ਦੀਆਂ ਵੱਖ ਵੱਖ ਮੰਗਾਂ ਨੂੰ ਲੈਕੇ ਕੀਤੀ ਗਈ। ਕਿਸਾਨ ਮਜ਼ਦੂਰ ਸਮੇਤ ਸਮੂਹ ਕਿਰਤੀ ਲੋਕਾਈ ਦੀਆਂ ਇਹਨਾਂ ਮੰਗਾਂ ਵਿੱਚ ਤਿੰਨ ਖੇਤੀ ਕਾਨੂੰਨ ਤੇ ਬਿਜਲੀ ਬਿਲ-2020 ਰੱਦ ਕਰਵਾਉਣ, ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਲੈਣ, ਲੋਕ ਪੱਖੀ ਬੁੱਧੀਜੀਵੀਆਂ ਦੀ ਰਿਹਾਈ ਆਦਿ ਸ਼ਾਮਿਲ ਹਨ। ਇਸ ਕਾਨਫਰੰਸ ਵਿੱਚ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਜ ਵੀ ਕਿਰਤੀ ਕਿਸਾਨ ਤੇ ਨੌਜਵਾਨ ਲੰਮਾ ਘੋਲ ਲੜ ਰਹੇ ਹਨ। ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ, ਉਦੋਂ ਤੱਕ ਸੱਚੀ ਅਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ।
ਕਿਸਾਨ ਆਗੂਆਂ ਨੇ ਭਗਤ ਸਿੰਘ ਦੇ ਹਵਾਲੇ ਨਾਲ ਹੀ ਕਿਹਾ ਕਿ ਅੱਜ ਜਿਸ ਨੂੰ ਅਸੀ ਅਜ਼ਾਦੀ ਕਹਿੰਦੇ ਹਾਂ ਇਹ ਤਾਂ ਕੇਵਲ ਕੁਝ ਚੰਦ ਕਾਰਪੋਰੇਟ ਘਰਾਣਿਆਂ ਦੇ ਲਈ ਹੈ। ਅਜੋਕੇ ਸਮੇਂ ਵਿੱਚ ਵੀ ਦੇਸ਼ ਦੀਆਂ ਹਾਕਮ ਧਿਰਾਂ ਸਾਮਰਾਜਵਾਦ ਦੇ ਨਵੇਂ ਹੱਥਕੱਡਿਆਂ ਹੇਠ ਆਲਮੀ ਸਰਮਾਏਦਾਰੀ ਧਿਰਾਂ ਦੀਆਂ ਦਲਾਲ ਬਣੀਆਂ ਹੋਈਆਂ ਹਨ। ਦਿਨੋ-ਦਿਨ ਲੋਕਾਈ ਦੀ ਰੱਤ ਚੂਸੀ ਜਾ ਰਹੀ ਹੈ। ਕਿਰਤੀ ਕਿਸਾਨ ਨੌਜਵਾਨ ਦਾ ਸ਼ੋਸ਼ਣ ਤੇ ਦਮਨ ਲਗਾਤਾਰ ਵਧ ਰਿਹਾ ਹੈ।ਆਗੂਆਂ ਨੇ ਕਿਹਾ ਕਿ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਲਿਆਦੇ ਤਿੰਨ ਕਾਲੇ ਖੇਤੀ ਕਾਨੂੰਨ ਵੀ ਇਸੇ ਸਰਮਾਏਦਾਰ ਕਾਰਪੋਰੇਟੀ ਤੰਤਰ ਦਾ ਖੇਤੀ ਸੈਕਟਰ ਵਿੱਚ ਰਾਹ ਪੱਧਰਾ ਕਰਨ ਲਈ ਹਨ। ਇਹਨਾਂ ਕਾਨੂੰਨਾ ਰਾਹੀਂ ਸਰਕਾਰੀ ਮੰਡੀ ਕਰਨ ਤਬਾਹ ਕਰਕੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ਼ ਖਤਮ ਕਰਕੇ ਕਿਰਸਾਣੀ ਨੂੰ ਅੰਨੇ ਮੁਨਾਫੇ ਦੀ ਭੁੱਖੀ ਸੰਸਾਰ ਸਰਮਾਏਦਾਰੀ ਦੇ ਅੱਗੇ ਸੁਟਿਆ ਜਾ ਰਿਹਾ ਹੈ। ਇਸ ਸਮੇਂ ਕਿਸਾਨਾਂ ਦੀਆਂ ਫਸਲਾਂ, ਜ਼ਮੀਨਾ ਤੇ ਨਸਲਾਂ ਖਤਰੇ ਹਨ।
ਆਗੂਆਂ ਨੇ ਕਿਹਾਂ ਕਿ ਅਜਿਹੇ ਸੰਕਟ ਦੇ ਸਮੇਂ ਸਾਨੂੰ ਆਪਣੇ ਲੋਕਪੱਖੀ ਘੋਲ ਨੂੰ ਮਜ਼ਬੂਤ ਕਰਨ ਲਈ ਭਗਤ ਸਿੰਘ ਦੀ ਵਿਚਾਰਧਾਰਾ ਦੇ ਲੜ ਲੱਗਣਾ ਚਾਹੀਦਾ ਹੈ। ਭਗਤ ਸਿੰਘ ਨੇ ਸਰਮਾਏਦਾਰ ਪੂੰਜੀਪਤੀ ਧਿਰਾਂ ਦੀ ਥਾਂ ਆਰਥਿਕ ਸਮਾਜਿਕ ਸ਼ੋਸ਼ਣ ਤੇ ਬਗੈਰ ਇਕ ਬਰਾਬਰੀ ਵਾਲੇ ਸਮਾਜ ਦਾ ਸੁਪਨਾਂ ਲਿਆ ਸੀ। ਆਪਣੀ ਕਲਮ ਰਾਹੀਂ ਤੇ ਆਪਣੇ ਵਿਸ਼ਾਲ ਪੁਸਤਕ ਅਧਿਐਨ ਰਾਹੀਂ ਉਹਨੇ ਨੌਜਵਾਨੀ ਨੂੰ ਅਜਿਹੇ ਸਮਾਜ ਦੀ ਉਸਾਰੀ ਲਈ ਨਿੱਠ ਕੇ ਪੜਨ ਦਾ ਵੀ ਸੰਦੇਸ਼ ਦਿੱਤਾ ਸੀ।ਆਗੂਆਂ ਨੇ ਕਿਹਾ ਕਿ ਨੌਜਵਾਨਾ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੇ ਹਿਰਦਿਆਂ ਅੰਦਰ ਆਤਮਸਾਤ ਕਰਨਾ ਚਾਹੀਦਾ।
ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਭਾਰਤ ਦਾ ਕਿਸਾਨ, ਮਜ਼ਦੂਰ ਤੇ ਨੌਜਵਾਨ ਭਾਜਪਾ ਹਕੂਮਤ ਦੀਆਂ ਸ਼ੋਸ਼ਣਕਾਰੀ ਲੋਕ ਵਿਰੋਧੀ ਨੀਤੀਆਂ ਕਰਕੇ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਆਰ. ਐੱਸ. ਐੱਸ. ਦੀ ਵਿਚਾਰਧਾਰਾ ਨੂੰ ਵਚਨਬੱਧ ਭਾਜਪਾ ਹਕੂਮਤ ਦੇ ਏਜੰਡੇ ਨੂੰ ਠੱਲ ਕੇਵਲ ਕਿਸਾਨ ਘੋਲ ਨੇ ਹੀ ਪਾਈ ਹਨ।ਹੁਣ ਇਹ ਘੋਲ ਕਿਸਾਨਾ ਦੀ ਥਾਂ ਸਮੂਹ ਲੋਕਾਈ ਦਾ ਲੋਕ ਘੋਲ ਬਣ ਗਿਆ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਦੇਸ਼ ਦੀ ਭਾਜਪਾ ਹਕੂਮਤ ਨੇ ਕਿਸਾਨਾਂ-ਕਿਰਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਘੋਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਘੋਲ ਨੇ ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਬਰਾਬਰੀ ਅਧਾਰਿਤ ਸਮਾਜ ਲਈ ਕ੍ਰਾਂਤੀ ਦਾ ਬਿਗਲ ਵਜਾ ਦਿੱਤਾ ਹੈ। ਇਸ ਕਾਨਫਰੰਸ ਵਿੱਚ ਬੂਟਾ ਸਿੰਘ ਬੁਰਜ ਗਿੱਲ (ਪੰਜਾਬ ਪ੍ਰਧਾਨ), ਹਰਨੇਕ ਸਿੰਘ ਮਹਿਮਾ (ਜਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ), ਕਮਲਜੀਤ ਖੰਨਾ (ਇਨਕਲਾਬੀ ਕੇਂਦਰ ਪੰਜਾਬ), ਦਰਸ਼ਨ ਸਿੰਘ (ਕੜ੍ਹਮਾ ਜ਼ਿਲ੍ਹਾ ਪ੍ਰਧਾਨ), ਗੁਲਜ਼ਾਰ ਸਿੰਘ ਕਬਰਵੱਸ਼ਾ (ਜ਼ਿਲ੍ਹਾ ਪ੍ਰਧਾਨ), ਸਤਵੀਰ ਸਿੰਘ ( ਪ੍ਰੈੱਸ ਸਕੱਤਰ), ਬਲਰਾਜ ਸਿੰਘ (ਪ੍ਰੈੱਸ ਸਕੱਤਰ), ਬਲਕਾਰ ਸਿੰਘ (ਬਲਾਕ ਪ੍ਰਧਾਨ ਮਮਦੋਟ), ਜਗਰਾਜ ਸਿੰਘ, ਲਖਬੀਰ ਸਿੰਘ ਫ਼ੌਜੀ, ਗੁਰਪ੍ਰੀਤ ਗੱਟੀ, ਬਲਾਕ ਗੁਰੂ ਹਰਸਾਏ, ਅਸ਼ੋਕ ਕੁਮਾਰ ਜੰਡ ਵਾਲਾ, ਪਰਗਟ ਸਿੰਘ, ਨਸੀਬ ਸਿੰਘ ਪੱਲਾ ਮੇਘਾ ਬਲਾਕ ਫਿਰੋਜ਼ਪੁਰ, ਜਸਬੀਰ ਸਿੰਘ, (ਨਾਟਕ ਟੀਮ ਮੰਡੀ ਮੁੱਲਾਪੁਰ) ਕਲਾਕਾਰ ਸੰਧੂ ਸਰਜੀਤ, ਜੱਸ ਬਾਜਵਾ, ਕੰਵਰ ਗਰੇਵਾਲ ਹਾਜ਼ਰ ਸਨ।