ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ,ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸੈਨ ਡਿਏਗੋ ‘ਚ ਸਥਿਤ ਇੱਕ ਬੇਸਬਾਲ ਸਟੇਡੀਅਮ ਦੀ ਤਕਰੀਬਨ 6ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ਨੀਵਾਰ ਨੂੰ ਇੱਕ ਔਰਤ ਅਤੇ ਉਸਦੇ 2 ਸਾਲ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਅਨੁਸਾਰ ਇਹ ਘਟਨਾ ਸ਼ੱਕੀ ਮੰਨੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ‘ਪੈਟਕੋ ਪਾਰਕ’ ਸਟੇਡੀਅਮ ਵਿੱਚ ਸ਼ਾਮ 4:15 ਵਜੇ ਇੱਕ ਬੇਸਬਾਲ ਮੈਚ ਤੋਂ ਪਹਿਲਾਂ ਇੱਕ 40 ਸਾਲਾਂ ਮਾਂ ਆਪਣੇ ਬੱਚੇ ਸਮੇਤ ਦੁਪਹਿਰ 3:50 ਵਜੇ ਦੇ ਕਰੀਬ ਸਟੇਡੀਅਮ ਦੀ ਡਾਈਨਿੰਗ ਕੋਨਸੋਰਸ ਮੰਜ਼ਿਲ ਤੋਂ ਡਿੱਗ ਪਏ। ਮੌਕੇ ਦੇ ਗਵਾਹ ਕੁੱਝ ਲੋਕਾਂ ਅਨੁਸਾਰ ਇੰਝ ਲੱਗਿਆ ਸੀ ਜਿਵੇਂ ਛੋਟਾ ਬੱਚਾ ਪਹਿਲਾਂ ਡਿੱਗਿਆ ਹੋਵੇ ਅਤੇ ਮਾਂ ਫਿਰ ਉਸਨੂੰ ਫੜਨ ਦੀ ਕੋਸ਼ਿਸ਼ ਵਿੱਚ ਡਿੱਗੀ ਹੋਵੇ। ਇਸ ਹਾਦਸੇ ਬਾਅਦ ਐਮਰਜੈਂਸੀ ਰਿਸਪੌਂਸਰਜ਼ ਨੇ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨੇ ਜਾਣ ਤੋਂ ਪਹਿਲਾਂ 20 ਮਿੰਟਾਂ ਲਈ ਦੋਵੇਂ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਪੁਲਿਸ ਦੁਆਰਾ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਵਿਭਾਗ ਨੇ ਮੌਤਾਂ ਨੂੰ ਸ਼ੱਕੀ ਦੱਸਿਆ ਅਤੇ ਜਾਂਚ ਦੇ ਹਿੱਸੇ ਵਜੋਂ ਖੇਤਰ ਨੂੰ ਬੰਦ ਕਰ ਦਿੱਤਾ ਸੀ।
