9.6 C
United Kingdom
Monday, May 20, 2024

More

    ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸ਼ਾਨਾਮੱਤੇ ਇਤਿਹਾਸ ‘ਤੇ ਝਲਕ

    ਅੱਜ 28 ਸਤੰਬਰ ਨੂੰ ਜਦੋਂ ਸਾਰੀ ਦੁਨੀਆਂ ਪਰਮਗੁਣੀ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਂ ਰਹੀ ਹੈ ਤਾਂ ਉੱਥੇ ਨਾਲ ਹੀ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਪੱਧਰ ‘ਤੇ ਭਗਤ ਸਿੰਘ ਨੂੰ ਜਿਉਂਦਾ ਕਰਨ ਵਾਲੀ, ਪਹਿਲੀ ਵਾਰ ਉਸਦਾ ਜਨਮ ਦਿਨ ਮਨਾਉਣ ਵਾਲੀ, ਰੁਜਗਾਰ ਨੂੰ ਮੁੱਖ ਨਾਅਰਾ ਬਣਾਉਣ ਵਾਲੀ “ਰੁਜ਼ਗਾਰ ਪ੍ਰਾਪਤੀ ਮੁਹਿੰਮ” ਆਪਣਾ ਸਿਲਵਰ ਜੁਬਲੀ ਸਮਾਗਮ ਮਨਾਉਣ ਜਾ ਰਹੀ ਹੈ। ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਇਸ ਮੁਹਿੰਮ ਦੁਆਰਾ ਸਿਰਜਿਆ 25 ਸਾਲਾਂ ਦਾ ਇਤਿਹਾਸ ਅੱਜ ਤੇ ਆਉਣ ਵਾਲੇ ਕੱਲ੍ਹ ਲਈ ਪ੍ਰੇਰਣਾ ਸ੍ਰੋਤ ਹੋਵੇਗਾ। ਹਰ ਪੀੜ੍ਹੀ ਇਸ ਮੁਹਿੰਮ ਅਤੇ ਇਸਦੇ ਕਾਰਕੁਨਾਂ ਤੋਂ ਅਗਵਾੲੀ ਲੈਣ ਦਾ ਕੰਮ ਕਰੇਗੀ। ਇਸ ਮੁਹਿੰਮ ਦੀ ਪੂਰੇ ਦੇਸ਼ ‘ਚ ਕੀਤੀ ਸਰਗਰਮੀ ਦ‍ਾ ਸਿੱਟਾ ਹੈ ਕਿ ਭਗਤ ਸਿੰਘ, ਸ਼ਹੀਦ ਜਾਂ ਸ਼ਹੀਦ-ੲੇ-ਆਜਮ ਤੱਕ ਸੀਮਿਤ ਨਹੀਂ ਰਿਹਾ,ਮੁਹਿੰਮ ਨੇ ਉਸਦੇ ਪਰਮ ਗੁਣ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਜਾਗਰ ਕੀਤਾ ਹੈ।ਇਸੇ ਕਰਕੇ ਅੱਜ ਭਗਤ ਸਿੰਘ ਨੂੰ ਪਰਮਗੁਣੀ(Genius) ਭਗਤ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੁਹਿੰਮ ਨੇ ਉਸ ਸਮੇਂ ਜਦੋਂ ਸਰਮਾਏਦਾਰੀ ਪ੍ਰਬੰਧ ਭਗਤ ਸਿੰਘ ਨੂੰ ਲੋਕ ਮਨਾਂ ‘ਚੋਂ ਵਿਸਾਰਕੇ,ਉਸਦੀ ਸੋਚ, ਵਿਚਾਰਧਾਰਾ ਨੂੰ ਖਤਮ ਕਰ ਸਿਰਫ਼ ਰਸਮੀ ਸ਼ਹੀਦੀ ਸਮਾਗਮ ਮਨਾਉਣ ਤੱਕ ਸੀਮਿਤ ਕਰ ਦੇਣਾ ਚਾਹੁੰਦਾ ਸੀ, ਉਸਦੀ ਰੰਗਦ‍ਾਰ ਫੋਟੋ ਵਾਲਾ ਪੋਸਟਰ ਕੱਢ 28 ਸਤੰਬਰ 1997 ਨੂੰ ‘ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਹਿਲੀ ਵਾਰ ਦਿਨ ਮਨਾਇਆ। ਸਰਮਾਏਦਾਰੀ ਪ੍ਰਬੰਧ ਲਈ ਭਗਤ ਸਿੰਘ ਦੀ ਸੋਚ,ਵਿਚਾਰ ਖਤਰਾ ਬਣੇ ਹੋਏ ਸਨ ਉਸਦੀ ਕਹੀ ਤੇ ਲਿਖੀ ਹਰ ਗੱਲ ਇਸ ਪ੍ਰਬੰਧ ਦੀ ਹੋਂਦ ਨੂੰ ਮਿਟਾਉਣ ਵਾਲੀ ਹੈ।ਇਸ ਲਈ ਉਹ ਭਗਤ ਸਿੰਘ ਨੂੰ ਵਿਸਥਾਰਨ ਦੀ ਜਗ੍ਹਾ ਸੰਗੋੜ ਦੇਣਾ/ਸੀਮਿਤ ਕਰ ਦੇਣਾ ਚਾਹੁੰਦੇ ਹਨ ਕਿਉਂਕਿ ਭਗਤ ਸਿੰਘ ਕਹਿੰਦਾ ਹੈ:-

    “ਅਸੀਂ ਇਨਕਲਾਬੀ ਤਾਕਤ ਆਪਣੇ ਹੱਥਾਂ ‘ਚ ਲੈਣ ਲਈ ਇਨਕਲਾਬੀ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਆਪਣੇ ਸਾਰੇ ਸਾਧਨ ਸਮੂਹਿਕ ਵਿਦਿਆ ਵਿੱਚ ਲਗਾ ਦੇਵੇਗੀ”
    ਉਸਦੀ ਸੋਚ ਨੂੰ ਬਚਾਉਣ ਤੇ ਇਸ ਪ੍ਰਬੰਧ ਨੂੰ ਢਹਿ ਢੇਰੀ ਕਰਨ ਲਈ ਨੌਜਵਾਨ/ਵਿਦਿਆਰਥੀਆਂ ਵੱਲੋਂ 28 ਸਤੰਬਰ ਦਾ ਦਿਨ ਹਰ ਸਾਲ ਨਵੇਂ ਉਤਸ਼ਾਹ,ਨਵੇਂ ਜੋਸ਼ ਤੇ ਵਿਲੱਖਣ ਢੰਗ ਨਾਲ ਮਨਾਇਆ ਜਾਂਦਾ ਹੈ ਜਿਸ ਨਾਲ ਇਹ ਦਿਨ ਮੀਡੀਆ ਅਤੇ ਦੇਸ਼ ਭਰ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। 1997 ਦੇ ਇਹਨਾਂ ਦਿਨਾਂ ਨੇ ਨਿਰਾਸ਼ ਹੋ ਚੁੱਕੀ ਜਵਾਨੀ ਅੰਦਰ ਇਕ ਨਵਾਂ ਜੋਸ਼ ਭਰਿਆ।ਹੁਣ ਉਹ ਆਪਣੇ ਆਪ ਨੂੰ ਮਾਰਨ ਵਾਲੇ ਪਾਸੇ ਨਹੀਂ ਬਲਕਿ ਆਪ ਭਗਤ ਸਿੰਘ ਨੂੰ ਪੜ੍ਹ,ਉਸਦੀ ਵਿਚਾਰਧਾਰਾ ਤੋਂ ਨਵੀਂ ਰੌਸ਼ਨੀ ਲੈ ਆਪਣੇ ਵਰਗਿਆ ਨੂੰ ਬਚਾਉਣ ਦੇ ਰਾਸਤੇ ਤੁਰਨ ਲੱਗੀ। ਇਸ ਸਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ AISF-AIYF ਦੇ ਕਾਰਕੁਨਾਂ ਨੇ ਦਿਨ ਰਾਤ ਇਕ ਕਰ ਕੰਮ ਕੀਤਾ ਤੇ ਭਗਤ ਸਿੰਘ ਦੇ ਕਥਨਾਂ ਨੂੰ ਲੋਕ ਮਨਾਂ ‘ਚ ਵਸਾਇਆ ਕਿ:-

    “ਸਭ ਕਿਸੇ ਲਈ ਉਤਸ਼ਾਹਿਤ ਕਰਨ ਵਾਲਾ ਅਾਦਰਸ਼,ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ।” ਇਸੇ ਦਾ ਨਤੀਜਾ ਸੀ ਕਿ ਅਗਲੇ ਸਾਲ 28 ਸਤੰਬਰ 1998 ਭਗਤ ਸਿੰਘ ਦਾ ਜਨਮ ਦਿਨ ਹੋਰ ਜੋਸ਼ ਤੇ ਇਨਕਲਾਬੀ ਉਤਸ਼ਾਹ ਨਾਲ ਟਾਊਨ ਹਾਲ ਮੋਗਾ ਵਿੱਚ ਮਨਾਇਆ ।ਪੂਰੇ ਪੰਜਾਬ ਦੀ ਜਵਾਨੀ ਮੋਗੇ ਜੁੜੀ ਇਸ ਲਾਮਿਸਾਲ ਇਕੱਠ ਨੇ ਨਵਾਂ ਨਾਅਰਾ ” ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਸ਼ੁਰੂਆਤ ਪੰਜਾਬ ਤੋਂ” ਦਿੱਤਾ ਅਤੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਜੱਥੇਬੰਦੀਆਂ ਸਰਗਰਮੀਆਂ ਕਰਨਗੀਆਂ । 25 ਸਾਲ ਪਹਿਲਾਂ ਜਦੋਂ ਕੋਈ ਰਾਜਨੀਤਕ ਧਿਰ ਰੁਜ਼ਗਾਰ ਨੂੰ ਕੋਈ ਮੁੱਦਾ ਨਹੀਂ ਸੀ ਮੰਨਦੀ ਜਵਾਨੀ ਤੇ ਉਸਦੀ ਕਾਬਲੀਅਤ ਨੂੰ ਅੱਖੋਂ ਪ੍ਰੋਖੇ ਕੀਤਾ ਹੋਇਆ ਸੀ ਇਸ ਮੁਹਿੰਮ ਦੀ ਮਿਹਨਤ ਨੇ “ਰੁਜ਼ਗਾਰ ਪ੍ਰਾਪਤੀ” ਨੂੰ ਇਸ਼ਤਿਹਾਰਾਂ ਦਾ ਮੁੱਖ ਨਾਹਰਾ ਬਣਾ ਦਿੱਤਾ। ਹੁਣ ਹਰ ਸਰਗਰਮੀ ਇਸ ਦੀ ਲੜੀ ਵਜੋਂ ਹੋਣ ਲੱਗੀ। ਰੁਜ਼ਗਾਰ ਦੀ ਪ੍ਰਾਪਤੀ ਲਈ ਚੇਤਨਾ ਪੈਦਾ ਕਰਨ,ਵਿੱਦਿਆ,ਸਿਹਤ ਸੇਵਾਵਾਂ,ਖੇਡਾਂ/ਸੱਭਿਆਚਾਰਕ ਸਰਗਰਮੀਆਂ ਅਤੇ ਪੂਰੀ ਮਨੁੱਖਾਂ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਦੀਆਂ ਪੰਜ ਮੰਗਾਂ ਦੇ ਪ੍ਰੋਗਰਾਮ ਨੂੰ ਲੋਕ ਮਨਾਂ ਦਾ ਹਿੱਸਾ ਬਣਾਉਣ ਲਈ 23 ਮਾਰਚ 1999 ਤੋਂ ਕੈੰਟਰ ਸਜਾ ਲਹਿਰ ਚਲਾਈ ।ਇਸ ਚੇਤਨਾ ਮੁਹਿੰਮ ਤੇ ਸਜਾਏ ਕੈਂਟਰ ਨੇ ਪੰਜਾਬ ਦੇ 3000 ਪਿੰਡਾਂ ਵਿਚ ਪਹੁੰਚ ਕਰਕੇ ਜਲਸੇ ਕੀਤੇ।AIYF ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ AISF ਸੂਬਾ ਪ੍ਰਧਾਨ ਦਲਵੀਰ ਕੌਰ ਧੂੜਕੋਟ ਸਕ‍ੱਤਰ ਕਸ਼ਮੀਰ ਸਿੰਘ ਗਦਾਈਆ ਅਤੇ ਕੁਲਦੀਪ ਭੋਲਾ ਦੀ ਅਗਵਾਈ ‘ਚ ਚੱਲੀਆਂ ਟੀਮਾਂ ਨੇ ਪੰਜਾਬ ਦੇ ਕੋਨੇ ਕੋਨੇ ‘ਚ ਵਿਦਿਆਰਥੀ/ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਹੀ ਸਮਾਂ ਸੀ ਜਦੋਂ ਹਰ ਜਿਲ੍ਹੇ ਦੀ ਟੀਮ ਵਿੱਚੋਂ ਬੁਲਾਰੇ ਤਿਆਰ ਕਰਨ ਦਾ ਕੰਮ ਸ਼ੁਰੂ ਹੋਇਆ।ਸਾਥੀ ਜਗਰੂਪ ਵੱਲੋਂ ਰਾਤਾਂ ਦੀਆਂ ਕਲਾਸਾਂ ਲਗਾ ਜਿਥੇ ਕਾਡਰ ਨੂੰ ਸਿਧਾਂਤਕ ਰੂਪ ‘ਚ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਉਥੇ ਨਾਲ ਹੀ ਸਿੱਖੀਆ ਗੱਲਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ/ਦੂਜਿਆਂ ਨੂੰ ਸਮਝਾਉਣ ਦਾ ਗੁਰ ਵੀ ਸਿਖਾਇਆ ਜਾਂਦਾ।

    ਇਸ ਮੁਹਿੰਮ ਦਾ ਸਿਖਰ 17 ਨਵੰਬਰ 1999 ਸ਼ਹੀਦ ਕਰਤਾਰ ਸਿੰਘ ਸਰਾਭਾ ਦਿਨ ਨੂੰ ਸਮਰਪਿਤ ਗੋਲ ਬਾਗ ਅੰਮ੍ਰਿਤਸਰ ਦੀ ਇਤਿਹਾਸਕ ਰੈਲੀ ਸੀ।ਹੁਣ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਲੋਕਾਂ ਦੀ ਜੁਬਾਨ ‘ਤੇ ਆ ਚੁੱਕੀ ਸੀ ਇਸ ਮੁਹਿੰਮ ਨੇ ਜਵਾਨੀ ‘ਚ ਚੇਨਤਾ ਪੈਦਾ ਕਰ ਉਸਨੂੰ ਮੌਤ ਦੇ ਰਾਸਤੇ ਤੋਂ ਮੋੜ ਪ੍ਰਾਪਤੀ ਦੀ ਲਹਿਰ ਨਾਲ ਜੋੜਨ ‘ਚ ਸਫਲਤਾ ਹ‍ਾਸਲ ਕਰ ਲਈ ਸੀ ਜਿਸ ਸਦਕਾ”ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ”,”ਰੁਜ਼ਗਾਰ ਪ੍ਰਾਪਤੀ ਮੁਹਿੰਮ “ਦੇ ਨਾਮ ਨਾਲ ਜਾਣੀ ਜਾਣ ਲੱਗੀ। ਸਰਗਰਮੀਆਂ ਚਲਦੀਆਂ ਰਹੀਆਂ ਕਾਫਲਾ ਲੰਮਾ ਹੁੰਦਾ ਗਿਆ 17 ਨਵੰਬਰ 2003 ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਬਠਿੰਡਾ ਰੈਲੀ ਦੇ ਇਤਿਹਾਸਕ ਇਕੱਠ ਨੇ 28 ਸਤੰਬਰ 2007 ਨੂੰ, ਪਰਮਗੁਣੀ ਭਗਤ ਸਿੰਘ ਦੀ “ਜਨਮ ਸ਼ਤਾਬਦੀ” ਮਨਾਉਣ ਲਈ, ਮਾਹੌਲ ਸਿਰਜਨ ਦਾ ਸੱਦਾ ਦਿੱਤਾ ਜਿਸਦੇ ਤਹਿਤ ਪੰਜਾਬ ਦੇ ਹਰ ਕੋਨੇ ‘ਚ ਸਰਗਰਮੀਆਂ ਹੋਈਆਂ ਇਸੇ ਦਾ ਨਤੀਜਾ ਸੀ ਕਿ ਪੰਜਾਬ ਦੀ ਕੋਈ ਵੀ ਧਿਰ,ਕੋਈ ਕਲੱਬਾਂ,ਸੰਸਥਾਵਾਂ ਜਾਂ ਸਰਕਾਰਾਂ ਜਨਮ ਸਤਾਬਦੀ ਮਨਾਉਣ ‘ਚ ਪਿਛੇ ਨਾ ਰਹੀਆਂ। ਇਸ ਮੁਹਿੰਮ ਦੀਆਂ ਸਰਗਰਮੀਆਂ ਹੁੰਦੀਆਂ ਰਹੀਆਂ ਰੁਜ਼ਗਾਰ ਮੁੱਖ ਮੰਗ ਬਣ ਰਾਜਨੀਤਕ ਧਿਰਾਂ ਦੇ ਸਮਾਗਮਾਂ ਦਾ ਹਿੱਸਾ ਬਣਨ ਲੱਗੀ। ਮੁਹਿੰਮ ਨੇ ਕਦਮ ਅਗਾਂਹ ਵਧਾਉਦਿਆਂ 23 ਮਾਰਚ 2014 ਨੂੰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ‘ਤੇ ਹੁਸੈਨੀਵਾਲਾ ਦੀ ਧਰਤੀ ਤੋਂ ‘ਠੋਸ ਪ੍ਰੋਗਰਾਮ’ ” ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) Bhagat Singh National Employment Gurantee Act (BNEGA) ਨਾਲ ਲੋਕਾਂ ਨੂੰ ਰੂ-ਬ-ਰੂ ਕਰਵਾਇਆ ਤੇ ਇਹ ਕ‍ਾਨੂੰਨ ਬਣਵਾਉਣ ਲਈ ਸਰਗਰਮੀ ਆਰੰਭ ਕੀਤੀ। AISF-AIYF ਦੇ ਕ‍ਾਡਰ ਨੇ ਲੋਕਾਂ ਨੂੰ ਦੱਸਿਆ ਕਿ ਬਨੇਗਾ ਤਹਿਤ ਹਰ 18 ਤੋਂ 58 ਸਾਲ ਉਮਰ ਦੇ ਇਸਤਰੀ ਮਰਦ ਨੂੰ (ਜੋ ਚਾਹੁੰਦਾ ਹੈ) ਕੰਮ ਦੀ ਗਰੰਟੀ ਹੋਏਗੀ।ਇਹ ਕ‍ਾਨੂੰਨ ਅਣਪੜ ਤੇ ਅਣਸਿਖਿਅਕ ਨੂੰ 20,000 ਰੁਪੈ/ਮਹੀਨਾ,ਅਰਧ ਸਿੱਖਿਅਕ ਨੂੰ 25,000 ਰੁਪੈ/ ਮਹੀਨਾ,ਸਿੱਖਿਅਕ ਨੂੰ 30,000 ਰੁਪੈ/ਮਹੀਨਾ ਅਤੇ ਉੱਚ ਸਿੱਖਿਅਕ-ਡਿਗਰੀ ਹੋਲਡਰ ਨੂੰ 35,000 ਰੁਪੈ/ ਮਹੀਨਾ ਉਜਰਤ/ਤਨਖਾਹ ਮਿਲਣ ਦੀ ਕਾਨੂੰਨੀ ਗਰੰਟੀ ਕਰੇਗਾ।ਕੰਮ ਨਾ ਮਿਲਣ ਦੀ ਸੂਰਤ ਵਿੱਚ ਵਿਅਕਤੀ ਨੂੰ ਯੋਗਤਾ ਅਨੁਸਾਰ ਪ੍ਰਤੀ ਮਹੀਨਾ ਤਨਖਾਹ ਦਾ ਅੱਧ, “ਕੰਮ ਇੰਤਜਾਰ ਭੱਤਾ” ਪ੍ਰਾਪਤ ਕਰਨ ਦਾ ਕਾਨੂੰਨੀ ਹੱਕਦਾਰ ਬਣਾਵੇਗਾ।

    ਇਸ ਕਾਨੂੰਨ ਲਈ ਕੀਤੀ ਸਰਗਰਮੀ ਨੂੰ ਦੇਸ਼ ਪੱਧਰ ‘ਤੇ ਹਾਂ-ਪੱਖੀ ਹੁੰਗਾਰਾ ਮਿਲਿਆ। ਪੂਰੇ ਦੇਸ਼ ‘ਚ AIYF-AISF ਦਾ ਕਾਡਰ ਇਸ ਕਾਨੂੰਨ ਦੀਆਂ ਬਾਰੀਕੀਆਂ ਨੂੰ ਸਮਝ ਕੰਮ ਕਰਨ ਲੱਗਾ। 2017 ਵਿੱਚ ਦੋਹਾਂ ਜੱਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਹ ਕਾਨੂੰਨ ਦੇਸ਼ ਦੇ ਹਰ ਮਨੁੱਖ ਦੀ ਸਮਝ ਦਾ ਹਿੱਸਾ ਬਣੇ ਇਸ ਲਈ ਦੇਸ਼ ਵਿਆਪੀ 60 ਦਿਨਾਂ ਦਾ “ਲਾਂਗ ਮਾਰਚ” ਕਰਾਂਗੇ ਜਿਹੜਾ 12 ਜੁਲਾਈ 2017 ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ 12 ਸਤੰਬਰ 2017 ਨੂੰ ਹੁਸੈਨੀਵਾਲਾ ਭਗਤ ਸਿੰਘ , ਰਾਜਗੁਰੂ, ਸੁਖਦੇਵ ਦੇ ਯਾਦਗਾਰੀ ਸਥਾਨ ‘ਤੇ ਖਤਮ ਹੋਇਆ।ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਦੇਸ਼ਵਿਆਪੀ “ਲਾਂਗ ਮਾਰਚ” ਬਨੇਗਾ ਦੀ ਇਨਕਲਾਬੀ ਰੂਹ ਦਾ ਚੇਤਨ ਹੋਕਾ ਹੈ।60 ਦਿਨਾਂ ਦੇ ਇਸ ਦੇਸ਼ ਵਿਆਪੀ ਮਾਰਚ ਨੇ ਦੇਸ਼ ਦੇ 18 ਸੂਬਿਆਂ ਵਿਚ ਲੋਕਾਂ ਨੂੰ ਸਮਝਾਇਆ ਕਿ ਇਸ ਕਾਨੂੰਨ ਬਿਨਾਂ ਸਾਡਾ ਸਮਾਜ ਥੁੜਾਂ ਮਾਰਿਆ ਰਹੇਗਾ ਤੇ ਕਾਨੂੰਨ ਦੀ ਪ੍ਰਾਪਤੀ ਸਾਡੇ ਲਈ ਖੁਸ਼ਹਾਲ ਜ਼ਿੰਦਗੀ ਦੀ ਗਰੰਟੀ ਹੋਵੇਗੀ। ਕਾਨੂੰਨ ਦੀ ਪ੍ਰਾਪਤੀ ਲਈ ਕੀਤੀ ਸਰਗਰਮੀ ਕੇਵਲ ਪੰਜਾਬ ਨਹੀਂ ਬਲਕਿ ਦੇਸ਼ ਦੇ ਹਰ ਸਮਾਗਮ ਦਾ ਹਿੱਸਾ ਬਣਨ ਲੱਗੀ ਦੇਸ਼ ਦੀ ਜਵਾਨੀ ਨੇ ਇਸੇ ਕਾਨੂੰਨ ਨੂੰ ਮੁੱਖ ਏਜੰਡਾ ਬਣਾ ਦੇਸ਼ ਦੀ ਪਾਰਲੀਮੈਂਟ ਵੱਲ ਵਹੀਰਾ ਘੱਤ ਦਿੱਤੀਆਂ।ਪੰਜਾਬ ਦੇ ਇਕ ਕੋਨੇ ਤੋਂ ਸ਼ੁਰੂ ਹੋਈ ਇਹ ਮੁਹਿੰਮ ਦੇਸ਼ ਦੀ ਪਾਰਲੀਮੈਂਟ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਸੀ। ਪੂਰੇ ਦੇਸ਼ ਦੇ ਨੌਜਵਾਨ/ਵਿਦਿਆਰਥੀ ਬਨੇਗਾ ਦੀ ਪ੍ਰਾਪਤੀ ਲਈ ਦਿੱਲੀ ਪਾਰਲੀਮੈਂਟ ਅੱਗੇ ਪ੍ਰਦਰਸ਼ਨ ਕਰਦਿਆਂ, ਗ੍ਰਿਫਤਾਰੀ ਦੇ, ਪੁਲਿਸ ਦਾ ਤਸ਼ੱਦਦ ਸਹਿਹਕੇ ਵੀ “we want BNEGA” ਦੇ ਨਾਅਰੇ ਮਾਰਦੇ ਹੋਏ ਆਪਣੇ ਆਪ ਨੂੰ “ਬਨੇਗਾ ਮੁਹਿੰਮ ਦੇ ਸਿਪਾਹੀ” ਅੈਲਾਨ ਰਹੇ ਸਨ। ਰੁਜ਼ਗਾਰ ਪ੍ਰਾਪਤੀ ਮੁਹਿੰਮ ਦਾ ਪੰਜਾਬ ਦੀਆਂ ਗਲੀਆਂ,ਪਿੰਡਾਂ,ਸ਼ਹਿਰਾਂ,ਜਿਲਿਆਂ ‘ਚ ਬੀਜਿਆ ਬੀਅ ਪੁੰਗਰਦਾ ਹੋਇਆ ਦਰਖ਼ਤ ਬਣ ਗਿਆ। ਇਸ ਦਰਖ਼ਤ ਦੀਆਂ ਜੜ੍ਹਾਂ ਦੇਸ਼ ਦੀ ਪਾਰਲੀਮੈਂਟ ਦੇ ਬਰੂਹੇ ਤੋਂ ਹੁੰਦੀਆਂ ਹੋਇਆ ਉਸ ਸਮੇਂ ਪਾਰਲੀਮੈਂਟ ਦੇ ਅੰਦਰ ਚਲੀਆ ਗਈਆਂ ਜਦੋਂ ਕੇਰਲਾ ਤੋਂ ਰਾਜ ਸਭਾ ਦੇ ਮੈਂਬਰ ਕਾਮਰੇਡ ਬਿਨੋਏ ਬਿਸਵਮ ਨੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” ਦੇਸ਼ ਦੀ ਪਾਰਲੀਮੈਂਟ ‘ਚ ਬਣੇ ,ਇਸ ਲਈ ਪ੍ਰਾਈਵੇਟ ਬਿੱਲ ਪੇਸ਼ ਕੀਤਾ। ਇਹ ਦਿਨ ਇਸ ਮੁਹਿੰਮ ਦੇ ਕਾਰਕੁੰਨਾਂ ਲਈ ਇਤਿਹਾਸਕ ਤੇ ਵੱਡਭਾਗਾ ਦਿਨ ਸੀ। ਬਨੇਗਾ ਹੁਣ ਇਤਿਹਾਸਕ ਲਹਿਰ ਬਣ ਰਿਹਾ ਹੈ।

    ਅੱਜ ਦੇ ਹਾਲਾਤ

    ਇਸ ਮੁਹਿੰਮ ਨੂੰ ਹੋਰ ਤਾਕਤ ਨਾਲ ਅੱਗੇ ਵਧਾਉਣਾ,ਦੇਸ਼ ਪੱਧਰ ‘ਤੇ ਬਨੇਗਾ ਦੀ ਪ੍ਰਾਪਤੀ ਲਈ ਸਰਗਰਮੀ ਤੇਜ਼ ਕਰਨਾ, ਸਮੇਂ ਦੀ ਅਣਸਰਦੀ ਲੋੜ ਬਣ ਚੁੱਕਾ ਹੈ।ਪਿਛਲੇ ਸਾਲ ਲੱਗੇ ਲਾਕਡਾਊਨ ਨੇ ਲੋਕਾਂ ਨੂੰ ਅਾਰਥਕ ਤੌਰ’ਤੇ ਲਾਚਾਰ ਕਰ ਦਿੱਤਾ ਹੈ। ਇਸ ਸਮੇਂ ਨੇ ਜਿਥੇ ਪ੍ਰਾਈਵੇਟ ਸੈਕਟਰ ‘ਚ ਕੰਮ ਕਰਦੇ ਲੋਕਾਂ ਤੇ ਛੋਟੇ ਕਿਰਤੀਆਂ ਨੂੰ ਪੱਕੇ ਰੁਜ਼ਗਾਰ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਉਥੇ ਸਰਮਾਏਦਾਰੀ ਦਾ ਕਾਰਪੋਰੇਟ ਪੱਖੀ ਰਵੱਈਆ ਵੀ ਉਜਾਗਰ ਕੀਤਾ ਹੈ। ਜੂਨ 2021 ‘ਚ ਜਾਰੀ ਹੋਏ ਦੌਲਤ ਦੇ ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ ਦੇ ਸਿਰਫ਼ 9 ਕਾਰਪੋਰੇਟ ਟੱਬਰਾਂ ਕੋਲ ਕੁੱਲ ਦੌਲਤ ਦਾ 51% ਇਕੱਠਾ ਹੋ ਗਿਆ ਹੈ।ਜਿਸਦਾ ਅਰਥ ਹੈ ਕਿ ਉਹ ਲੋਕਾਂ ਦੀ ਕਿਰਤ ਕਮਾਈ ਲੁੱਟ ਕੇ ਅੱਧ ਤੋਂ ਵੱਧ ਦੌਲਤ ‘ਤੇ ਕਾਬਜ ਹੋ ਚੁੱਕੇ ਹਨ। ਸਰਮਾਏਦਾਰੀ ਦੇ ਇਸ ਬੇਕਾਬੂ ਹੋਏ ਦੈਂਤ ਨੂੰ ਨੱਥ ਪਾਉਣ ਲਈ ਜਰੂਰੀ ਬਨੇਗਾ ਨੂੰ ਅਮਲੀ ਰੂਪ ਦੇਣਾ। ਬਨੇਗਾ ਦਾ ਅਮਲ ਸਭ ਮਨੁੱਖਾਂ (ਹਿੰਦੂ,ਸਿੱਖ,ਮੁਸਲਮ,ਇਸਾਈ)ਲਈ ਖੁਸ਼ੀ ਤੇ ਖੁਸ਼ਹਾਲੀ ਲੈ ਕੇ ਆਵੇਗਾ ਤੇ ਜੀਵਨ ਪੱਧਰ ਨੂੰ ਉੱਚਾ ਚੁੱਕੇਗਾ। ਆਓ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਰੁਜ਼ਗਾਰ ਪ੍ਰਾਪਤੀ ਮੁਹਿੰਮ ਤੋਂ ਅੱਗੇ ਵਧਦਿਆ ਅਗਲੇਰੇ ਪੜਾਅ ਬਨੇਗਾ ਨੂੰ ਦੇਸ਼ ਵਿਆਪੀ ਲਹਿਰ ਬਣਾ ਹਰ ਮਨੁੱਖ ਲਈ ਖੁਸ਼ੀਆਂ ਸਿਰਜੀਏ।

    ਆਓ :-
    • ਸਭ ਲਈ ਮੁਫ਼ਤ,ਲਾਜ਼ਮੀ ਅਤੇ ਵਿਗਿਆਨਕ ਵਿਦਿਆ ਦੀ ਗਰੰਟੀ, ਵਿਦਿਅਕ ਸੰਸਥਾਵਾਂ ਵਿੱਚ ਪੱਕੇ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ,ਵਿਦਿਆਰਥੀਆਂ ਲਈ ਬੱਸ ਪਾਸ ਸਹੂਲਤ ਅਤੇ ਸਕਾਲਰਸ਼ਿਪ ਯਕੀਨੀ ਕਰਵਾਈੲੇ।
    • ਦੇਸ਼ ਵਿਚ ਭਗਤ ਸਿੰਘ ਭਵਨ ਉਸਾਰੇ ਜਾਣ, ਜਿਥੇ ਸੱਭਿਆਚਾਰਕ ਸਰਗਰਮੀਆਂ ਹਾਲ,ਖੇਡਾਂ ਦੇ ਮੈਦਾਨ,ਲਾਇਬ੍ਰੇਰੀਆਂ ਹੋਣ ਇਹ ਯਕੀਨੀ ਬਣਾਈਏ
    • ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ, ਸਰਬੱਤ ਦੇ ਭਲੇ ਲਈ ਸਾਂਝੀ,ਸਹਿਯੋਗੀ, ਲਾਹੇਵੰਦ ਖੇਤੀ ਨੀਤੀ ਬਣਾਈੲੇ।
    ਆਓ 25ਵੀਂ ਵਾਰ ਫਿਰ ਜਲੰਧਰ ਦੀ ਧਰਤੀ ਨੂੰ ਇਨਕਲਾਬੀ ਰੰਗ ‘ਚ ਰੰਗੀੲੇ।

    ਕਰਮਵੀਰ ਬੱਧਨੀ
    ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਕੌਮੀ ਗਰਲਜ਼ ਕਨਵੀਨਰ
    94179-35679

    Punj Darya

    Leave a Reply

    Latest Posts

    error: Content is protected !!