ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਰਾਈਕਰਜ਼ ਜੇਲ੍ਹ ਦੇ ਲਗਭਗ 200 ਕੈਦੀਆਂ ਨੂੰ ਪਿਛਲੇ ਹਫਤੇ ਤੋਂ ਨਿਊਯਾਰਕ ਸਿਟੀ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੀ ਇਹ ਕਾਰਵਾਈ ਇਹਨਾਂ ਕੈਦੀਆਂ ਨੂੰ ਇਸ ਜੇਲ੍ਹ ਦੀਆਂ ਭਿਆਨਕ ਹਾਲਤਾਂ ਤੋਂ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਕੈਦੀ ਹੁਣ ਸ਼ਹਿਰ ਤੋਂ 100 ਮੀਲ ਦੂਰ ਸਟੇਟ ਦੀਆਂ ਹੋਰ ਜੇਲ੍ਹ ਸਹੂਲਤਾਂ ਵਿੱਚ ਦਾਖਲ ਹੋ ਰਹੇ ਹਨ । ਰਾਈਕਰਜ਼ ਜੇਲ੍ਹ ਵਿੱਚ ਕੁੱਝ ਕੈਦੀਆਂ ਨੂੰ ਅਸੁਰੱਖਿਅਤ ਹਾਲਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਹੋਏ ਆਪਸੀ ਹਮਲਿਆਂ ਵਿੱਚ ਕਈ ਕੈਦੀ ਜਖਮੀ ਹੋਏ ਹਨ, ਜਦਕਿ ਕੁੱਝ ਕੁ ਦੀ ਮੌਤ ਵੀ ਹੋਈ ਹੈ। ਇਸ ਲਈ ਇਸ ਜੇਲ੍ਹ ਨੂੰ ਖਾਲੀ ਕਰਨ ਲਈ ਕੈਦੀਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਨਿਊਯਾਰਕ ਦੇ ਮੇਅਰ ਡੀ ਬਲੇਸੀਓ, ਸ਼ਹਿਰ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਵਿਨਸੇਂਟ ਸ਼ਿਰਾਲਡੀ ਅਤੇ ਸਟੇਟ ਸਟੇਟ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਐਂਥਨੀ ਐਂਟੂਨੁਚੀ ਨੇ 17 ਸਤੰਬਰ ਨੂੰ ਤਬਾਦਲੇ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।