2.1 C
United Kingdom
Saturday, March 7, 2026

More

    ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਭਾਈਚਾਰੇ ਦਾ ਧੰਨਵਾਦ ਕਰਨ ਪਹੁੰਚੇ

    ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂ ‘ਗੁਰੂ ਨਾਨਕ ਰੋਡ’ ਰੱਖਣ ਦੀ ਲਾਰਡ ਪ੍ਰੋਵੋਸਟ ਨੂੰ ਕੀਤੀ ਮੰਗ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਉਸ ਵੇਲੇ ਖੁਸ਼ੀ ਹੋਣੀ ਸੁਭਾਵਿਕ ਹੈ ਜਦੋਂ ਤੁਹਾਡੇ ਕੀਤੇ ਗਏ ਨਿਸ਼ਕਾਮ ਕਾਰਜਾਂ ਨੂੰ ਕੋਈ ਤੁਹਾਡੇ ਘਰ ਆ ਕੇ ਸਲਾਹੇ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਿੰਘ ਸਭਾ ਨੂੰ ਅਜਿਹਾ ਹੀ ਮਾਣ ਦੇਣ ਲਈ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਵਿਸ਼ੇਸ਼ ਤੌਰ ‘ਤੇ ਪਹੁੰਚੇ। ਲਾਰਡ ਪ੍ਰੋਵੋਸਟ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਦੇ ਸਨਮੁੱਖ ਹੋਣ ਲਈ ਉਲੀਕੀ ਗਈ ਇਹ ਵਿਸ਼ੇਸ਼ ਫੇਰੀ ਕੋਵਿਡ ਦੇ ਬੁਰੇ ਦੌਰ ਵਿੱਚ ਭਾਈਚਾਰੇ ਵੱਲੋਂ ਨਿਭਾਈਆਂ ਸੇਵਾਵਾਂ ਦਾ ਧੰਨਵਾਦ ਕਰਨ ਲਈ ਸੀ। ਲਾਰਡ ਪ੍ਰੋਵੋਸਟ ਨੇ ਬੇਹੱਦ ਸਲੀਕੇ ਨਾਲ ਨਤਮਸਤਿਕ ਹੋਣ ਉਪਰੰਤ ਆਪਣੇ ਸੰਬੋਧਨ ਦੌਰਾਨ ਸਿੱਖ ਭਾਈਚਾਰੇ ਵੱਲੋਂ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਗੁਰੂ ਦੇ ਲੰਗਰ ਨਿਰੰਤਰ ਵਰਤਾਏ ਜਾਂਦੇ ਰਹਿਣ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਉਹਨਾ ਨੇ ਕੋਵਿਡ ਕਾਰਨ ਜਾਨਾਂ ਗਵਾ ਗਏ ਭਾਈਚਾਰੇ ਦੇ ਲੋਕਾਂ ਲਈ ਗੁਰੂ ਘਰ ਦੇ ਮੰਚ ਤੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੀ ਤਰਫੋਂ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਤੇ ਜਸਪਾਲ ਸਿੰਘ ਖਹਿਰਾ ਵੱਲੋਂ ਲਾਰਡ ਪ੍ਰੋਵੋਸਟ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਦੇ ਜੱਥੇ ਵੱਲੋਂ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸੰਬੋਧਨ ਦੌਰਾਨ ਸੁਰਜੀਤ ਸਿੰਘ ਚੌਧਰੀ ਨੇ ਜਿੱਥੇ ਲਾਰਡ ਪ੍ਰੋਵੋਸਟ ਵੱਲੋਂ ਸਿੱਖ ਭਾਈਚਾਰੇ ਦੇ ਕਾਰਜਾਂ ਦੀ ਸ਼ਲਾਘਾ ਕਰਨ ਲਈ ਧੰਨਵਾਦ ਕੀਤਾ ਉੱਥੇ ਉਹਨਾਂ ਲਾਰਡ ਪ੍ਰੋਵੋਸਟ ਨੂੰ ਬੇਨਤੀ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਣ ਲਈ ਵਿੱਢੀ ਜਾਣ ਵਾਲੀ ਮੁਹਿੰਮ ਵਿੱਚ ਸਹਿਯੋਗ ਦੇਣ। ਸਮਾਗਮ ਦੌਰਾਨ ਬਖਸ਼ੀਸ਼ ਸਿੰਘ ਦੀਹਰੇ, ਹਰਬੰਸ ਸਿੰਘ ਖਹਿਰਾ, ਡਾਕਟਰ ਇੰਦਰਜੀਤ ਸਿੰਘ, ਮੇਲਾ ਸਿੰਘ ਧਾਮੀ, ਗੁਰਨਾਮ ਸਿੰਘ ਧਾਮੀ, ਕਸ਼ਮੀਰ ਸਿੰਘ ਉੱਪਲ, ਦਰਸ਼ਨ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ। ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫਰਜ਼ ਬਖਸ਼ੀਸ ਸਿੰਘ ਦੀਹਰੇ ਨੇ ਅਦਾ ਕੀਤੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!