ਔਕਲੈਂਡ ’ਚ 25 ਅਧਿਕਾਰੀਆਂ, ਵੈਲਿੰਗਟਨ ਵਿੱਚ 13 ਅਤੇ 6 ਕੈਂਟਰਬਰੀ ਦੇ ਅਫਸਰ ਸ਼ਾਮਿਲ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਇਕ ਆਮ ਵਿਅਕਤੀ ਨੂੰ ਪੁਲਿਸ ਦੀ ਟ੍ਰੇਨਿੰਗ ਐਨੀ ਕੁ ਮਿਲ ਜਾਂਦੀ ਹੈ ਕਿ ਉਹ ਅਪਰਾਧੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਤੱਕ ਲੈ ਜਾਂਦਾ ਹੈ ਅਤੇ ਦੋਸ਼ੀ ਸਾਬਿਤ ਕਰਦਿਆਂ ਬਣਦੀ ਸਜ਼ਾ ਦਿਵਾ ਜਾਂਦਾ ਹੈ। ਪਰ ਕਈਆਂ ਦੇ ਆਪਣੇ ਅੰਦਰ ਰਹਿੰਦੀ ਅਪਰਾਧੀ ਬਿਰਤੀ ਉਸਨੂੰ ਖੁਦ ਹੀ ਅਪਰਾਧੀ ਬਣਾ ਦਿੰਦੀ ਹੈ। ਨਿਊਜ਼ੀਲੈਂਡ ਪੁਲਿਸ ਦੇ ਵਿਚ 2016 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪੁਲਿਸ ਕਰਮਚਾਰੀਆਂ ਉੇਤੇ 150 ਦੇ ਕਰੀਬ ਅਪਰਾਧਿਖ ਦੋਸ਼ ਲਗਾਏ ਗਏ ਹਨ, ਇਨ੍ਹਾਂ ਵਿਚ ਇਕ ਕਤਲ ਦਾ ਕੇਸ ਵੀ ਸ਼ਾਮਿਲ ਹੈ। ਇਹ ਦੋਸ਼ ਅਗਵਾ, ਜਿਨਸੀ ਅਪਰਾਧ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੱਤਿਆ ਆਦਿ ਦੇ ਹਨ। ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਅਧਿਕਾਰੀਆਂ ਵਿਰੁੱਧ 2016 ਤੋਂ 144 ਅਪਰਾਧਿਕ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 11 ਦੋਸ਼ ਜਿਨਸੀ ਅਪਰਾਧ, 31 ਗੰਭੀਰ ਹਮਲੇ, ਦੋ ਅਗਵਾ, ਇੱਕ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਸਿਪਾਹੀ ਰੈਂਕ ਦੇ ਸਟਾਫ ਨੇ ਚੋਰੀ ਵੀ ਕੀਤੀ ਹੈ ਜਾਂ ਜਾਇਦਾਦ ਜ਼ਬਤ ਕਰਨ ਕੋਸ਼ਿਸ ਕੀਤੀ ਹੈ। ਤਿੰਨ ਦੋਸ਼ ਧਮਕਾਉਣ ਅਤੇ ਧਮਕੀ ਦੇਣ ਦੇ ਲਗਾਏ ਗਏ, ਨਾਲ ਹੀ 12 ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਕਾਰਨ ਡਰਾਈਵਿੰਗ ਦੇ ਕਥਿਤ ਅਪਰਾਧਾਂ ਦੇ ਸ਼ਾਮਿਲ ਹਨ। ਔਕਲੈਂਡ ਦੇ 25 ਅਧਿਕਾਰੀ, ਵੈਲਿੰਗਟਨ ਦੇ 13 ਅਤੇ ਕੈਂਟਰਬਰੀ ਦੇ 6 ਅਫਸਰ ਅਜਿਹੇ ਦੋਸ਼ਾਂ ਵਿਚ ਫਸੇ। ਪੁਲਿਸ ਦਾ ਕਹਿਣਾ ਹੈ ਕਿ 14,000 ਪੁਲਿਸ ਕਰਮਚਾਰੀਆਂ ਵਿੱਚੋਂ 10,117 ਸਹੁੰ ਚੁੱਕ ਅਧਿਕਾਰੀ ਹਨ। ਅਜਿਹੇ ਦੋਸ਼ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਲਗਾਏ ਜਾਂਦੇ ਹਨ ਅਤੇ ਜਨਤਾ ਨੂੰ ਦਿਲਾਸਾ ਦਿੱਤਾ ਹੈ ਕਿ ਪੁਲਿਸ ਆਪਣੀ ਨੀਤੀਆਂ ਉੇਤ ਖ਼ਰਾ ਉਤਰਨ ਲਈ ਤੱਤਪਰ ਹੈ। ਅਪਰਾਧਿਕ ਅਤੇ ਦੋਸ਼ੀ ਠਹਿਰਾਏ ਜਾਣਾ ਵੱਖਰੀਆਂ ਚੀਜ਼ਾਂ ਹਨ ਅਤੇ ਦੂਜੇ ਨਾਗਰਿਕਾਂ ਦੀ ਤਰ੍ਹਾਂ, ਉਨ੍ਹਾਂ ਨੂੰ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।