ਨਿਰੰਜਨ ਸਿੰਘ ਬਿਨਿੰਗ ਦੇ ਪੋਤਰੇ ਮਨਵੀਰ ਬਿਨਿੰਗ ਦੀ ਸੜਕ ਹਾਦਸੇ ‘ਚ ਹੋਈ ਸੀ ਮੌਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਲਾਗੇ ਐੱਮ 8 ‘ਤੇ ਭਿਆਨਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕਾਂ ਵਿੱਚ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸਕੱਤਰ ਨਿਰੰਜਨ ਸਿੰਘ ਬਿਨਿੰਗ ਦਾ 27 ਸਾਲਾਂ ਪੋਤਰਾ ਮਨਵੀਰ ਬਿਨਿੰਗ ਵੀ ਅਕਾਲ ਚਲਾਣਾ ਕਰ ਗਿਆ ਸੀ। ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਅਤੇ ਬਿਨਿੰਗ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਗੁਰੂ ਨਾਨਕ ਸਿੱਖ ਟੈਂਪਲ (ਓਟੈਗੋ ਸਟਰੀਟ) ਗਲਾਸਗੋ ਦੀ ਹੰਗਾਮੀ ਇਕੱਤਰਤਾ ਹੋਈ। ਜਿਸ ਰਾਹੀਂ ਭੁਪਿੰਦਰ ਸਿੰਘ ਬਰ੍ਹਮੀਂ, ਜਸਵੀਰ ਸਿੰਘ ਜੱਸੀ ਭੰਮਰਾ, ਸੋਹਣ ਸਿੰਘ ਸੌਂਦ, ਸਰਦਾਰਾ ਸਿੰਘ ਜੰਡੂ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀ ਮਹਿਣਾ (ਮੋਗਾ) ਆਦਿ ਨੇ ਕਿਹਾ ਕਿ ਬਿਨਿੰਗ ਪਰਿਵਾਰ ਨੂੰ ਮਨਵੀਰ ਦੇ ਅਕਾਲ ਚਲਾਣੇ ਨਾਲ ਅਕਹਿ ਘਾਟਾ ਪਿਆ ਹੈ। ਅਸੀਂ ਗੁਰਦੁਵਾਰਾ ਸਾਹਿਬ ਦੀ ਕਮੇਟੀ ਅਤੇ ਸੰਗਤ ਦੀ ਤਰਫੋਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।