
ਨਾਰਵੇ ਯੋਰਪ ਦਾ ਬਹੁਤ ਹੀ ਖੂਬਸੂਰਤ ਅਮਨ ਆਮਾਨ ਤੇ ਤਰੱਕੀਯਾਫਤਾ ਮੁਲਕ ਹੈ। ਦੁਨੀਆ ਦੇ ਤਕਰੀਬਨ ਤਕਰੀਬਨ ਹਰ ਮੁਲਕ ਦੇ ਲੋਕ ਥੋੜ੍ਹੀ ਜਾਂ ਜਿਆਦਾ ਤਾਦਾਦ ‘ਚ ਵੱਸਦੇ ਹਨ। ਭਾਰਤੀ ਮੂਲ ਦੇ ਵੀ ਕਾਫੀ ਲੋਕ ਨਾਰਵੇ ‘ਚ ਵੱਸ ਚੁੱਕੇ ਹਨ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਇਸਤਰੀ ਮਰਦ ਹਰ ਖੇਤਰ ‘ਚ ਕੰਮ ਕਰਦੇ ਵੇਖੇ ਜਾ ਸਕਦੇ ਹਨ। ਚਾਹੇ ਉਹ ਸਿਹਤ ਮਹਿਕਮਾ ਹੋਵੇ, ਪੁਲੀਸ ਜਾਂ ਫਿਰ ਕਾਨੂੰਨੀ ਮਾਹਿਰ ਵਕੀਲ, ਡਾਕ ਵਿਭਾਗ, ਟਰਾਸਪੋਰਟ, ਖੁਦ ਦੇ ਬਿਜਨੈਸ ਆਦਿ ਹੋਣ। ਸਿੱਖ ਭਾਈਚਾਰੇ ਦੇ ਬਹੁਤ ਸਾਰੇ ਵੀਰ ਦਸਤਾਰਾਂ ਸਜਾ ਕੇ ਬਿਨਾ ਕਿਸੇ ਰੋਕ ਟੋਕ ਸਨਮਾਨਪੂਰਨ ਤਰੀਕੇ ਨਾਲ ਹਰ ਖੇਤਰ ‘ਚ ਨਜਰ ਆਉਂਦੇ ਹਨ। ਜਿੱਥੇ ਫਰਾਸ ਵਰਗੇ ਮੁਲਕ ‘ਚ ਅੱਜ ਵੀ ਸਰਕਾਰ ਪਗੜੀ ਮਸਲੇ ਦਾ ਹੱਲ ਨਹੀਂ ਕਰ ਰਹੀ, ਦੂਸਰੇ ਪਾਸੇ ਯੋਰਪ ਦੇ ਇਸ ਮੁਲਕ ‘ਚ ਦਸਤਾਰਧਾਰੀ ਸਰਕਾਰੀ ਤੇ ਪ੍ਰਾਈਵਟ ਅਦਾਰਿਆਂ ‘ਚ ਨੌਕਰੀਆਂ ਕਰ ਰਹੇ ਹਨ। ਉਹਨਾਂ ‘ਚੋਂ ਹੀ ਸ੍ਰ ਇੰਦਰਜੀਤ ਸਿੰਘ ਰੰਧਾਵਾ ਦਸਤਾਰ ਸਜਾ ਕੇ ਟਰਾਸਪੋਰਟ ਵਿਭਾਗ ‘ਚ ਇੰਟਰਸਿਟੀ ਬੱਸ ਦੇ ਚਾਲਕ ਹਨ। ਉਹਨਾਂ ਨੇ ਬੜੇ ਫਖਰ ਨਾਲ ਦੱਸਿਆ ਕਿ ਉਹ ਕਾਫੀ ਅਰਸੇ ਤੋਂ ਦਸਤਾਰ ਸਜਾ ਕੇ ਬੱਸ ਚਲਾਉਣ ਦੀ ਨੌਕਰੀ ਕਰ ਰਹੇ ਹਨ ਅਤੇ ਹਰ ਰੋਜ ਬੇਅੰਤ ਮੁਸਾਫਰ ਬੱਸ ‘ਚ ਸਫਰ ਕਰਦੇ ਹਨ ਪਰ ਉਹਨਾਂ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਮੇਰੀ ਅਰਦਾਸ ਹੈ ਕਿ ਫਰਾਂਸ ਦੀ ਸਰਕਾਰ ਵੀ ਆਪਣੇ ਅੜੀਅਲ ਰਵੱਈਏ ਨੂੰ ਤਿਆਗਦੀ ਹੋਈ ਫਰਾਂਸ ‘ਚ ਪਗੜੀ ਮਸਲੇ ਨੂੰ ਹੱਲ ਕਰੇ।