ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਪੁਲਿਸ ਦੀ ਇੱਕ ਕਾਰ ਨਾਲ ਟੱਕਰ ਹੋ ਜਾਣ ਦੇ ਬਾਅਦ ਇੱਕ ਔਰਤ ਦੀ ਮੌਤ ਹੋ ਗਈ ਹੈ। ਸਕਾਟਲੈਂਡ ਦੇ ਮਦਰਵੈੱਲ ਵਿੱਚ ਇਹ ਘਟਨਾ ਐਤਵਾਰ ਰਾਤ ਨੂੰ ਕਰੀਬ 8.20 ਵਜੇ ਮੈਰੀ ਸਟਰੀਟ ‘ਤੇ ਵਾਪਰੀ। ਇਸ ਦੌਰਾਨ ਇੱਕ 58 ਸਾਲਾਂ ਔਰਤ ਮੈਰੀ ਸਟਰੀਟ ‘ਤੇ ਪੈਦਲ ਜਾ ਰਹੀ ਸੀ, ਜਿਸਨੂੰ ਰੁਟੀਨ ਡਿਊਟੀ ਦੀ ਇੱਕ ਫੋਰਡ ਟ੍ਰਾਂਜ਼ਿਟ ਵੈਨ ਨੇ ਟੱਕਰ ਮਾਰੀ। ਇਸ ਪੁਲਿਸ ਵਾਹਨ ਦੀਆਂ ਨੀਲੀਆਂ ਬੱਤੀਆਂ ਜਾਂ ਸਾਇਰਨ ਹਾਦਸੇ ਸਮੇਂ ਚਾਲੂ ਨਹੀਂ ਸਨ। ਇਸ ਮਹਿਲਾ ਨੂੰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਸਕਾਟਲੈਂਡ ਪੁਲਿਸ ਦੀ ਰੋਡ ਪੁਲਿਸਿੰਗ ਯੂਨਿਟ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਘਟਨਾ ਨੂੰ ਪੁਲਿਸ ਜਾਂਚ ਅਤੇ ਸਮੀਖਿਆ ਕਮਿਸ਼ਨਰ (ਪੀ ਆਈ ਆਰ ਸੀ) ਦੇ ਹਵਾਲੇ ਕਰ ਦਿੱਤਾ ਗਿਆ ਹੈ।
