
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਦਮਦਾਰ ਅਵਾਜ਼ ਨਾਲ ਜਾਣੇ ਜਾਂਦੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਪ੍ਰੇਮੀ ਜੌਹਲ ਜਿਹਨਾਂ ਨੂੰ ਹਰ ਵਰਗ ਦੇ ਸਰੋਤਿਆਂ ਨੇ ਹੁਣ ਤੱਕ ਦਿਲਾਂ ਵਿੱਚ ਵਸਾ ਕੇ ਰੱਖਿਆ ਹੋਇਆ ਹੈ। ਲਗਾਤਾਰ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਗਾਇਕ ਪ੍ਰੇਮੀ ਜੌਹਲ ਦਾ ਜਨਮ ਨੂਰਮਹਿਲ ਦੇ ਨਜਦੀਕੀ ਪਿੰਡ ਭੱਲੋਵਾਲ ਵਿਖੇ ਪਿਤਾ ਸਰਦਾਰ ਪਿਆਰਾ ਸਿੰਘ ਜੌਹਲ ਦੇ ਘਰ ਮਾਤਾ ਸ਼੍ਰੀ ਮਤੀ ਕਰਮ ਕੌਰ ਜੌਹਲ ਦੀ ਕੁੱਖੋਂ ਹੋਇਆ। ਇਥੇ ਇਹ ਗੱਲ ਆਪ ਸਭ ਨਾਲ ਸਾਂਝੀ ਕਰਨੀ ਬਣਦੀ ਹੈ ਕਿ ਜਿਵੇਂ ਪਰਿਵਾਰਾਂ ਨੂੰ ਕਿਸੇ ਅੱਲ ਨਾਲ ਬੁਲਾਇਆ ਜਾਂਦਾ ਹੈ ਇਸੇ ਤਰਾਂ “ਪੁੱਤ ਜੰਡਿਆਲੀਆਂ ਦੇ” ਕਹਿ ਵੀ ਪ੍ਰੇਮੀ ਹੋਣਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਜਿਸ ਦਾ ਜਿਕਰ ਪ੍ਰੇਮੀ ਜੌਹਲ ਹੋਣਾਂ ਦੇ ਗੀਤਾਂ ਚ ਵੀ ਅਕਸਰ ਸੁਣਨੇ ਨੂੰ ਮਿਲਦਾ ਹੈ। ਸੰਨ 1975 ਵਿੱਚ ਪਰਿਵਾਰ ਨਾਲ ਯੂਕੇ ਆਣ ਵਸੇ ਪ੍ਰੇਮੀ ਜੌਹਲ ਨੂੰ ਗੀਤ ਸੁਣਨ ਦੇ ਨਾਲ ਗੀਤ ਗਾਉਣ ਅਤੇ ਲਿਖਣ ਦਾ ਵੀ ਸ਼ੌਕ ਜਾਗ ਪਿਆ। ਕੰਮ ਕਾਜ ਤੇ ਪੜਾਈ ਦੇ ਨਾਲ ਪ੍ਰੇਮੀ ਜੌਹਲ ਨੇ ਆਪਣੇ ਅੰਦਰਲੇ ਕਲਾਕਾਰ ਨੂੰ ਪਹਿਚਾਣ ਕੇ ਤਰਾਸ਼ਣਾ ਸ਼ੁਰੂ ਕਰ ਦਿੱਤਾ। ਪ੍ਰਮਾਤਮਾ ਦੀ ਮੇਹਰ ਸਦਕਾ ਤੇ ਪ੍ਰੇਮੀ ਜੌਹਲ ਹੁਣਾਂ ਦੀ ਸੰਗੀਤ ਲਈ ਕੀਤੀ ਮਿਹਨਤ ਰੰਗ ਲਿਆਉਣ ਲੱਗੀ ਜਿਸ ਕਰਕੇ ਪਹਿਲੀ ਟੇਪ (ਸ਼ਮਕ ਜਿਹੀ ਮੁਟਿਆਰ ) ਜੋ ਕਿ ਸੰਨ 1984 ਦੇ ਵਿੱਚ ਰਿਕਾਰਡ ਹੋਈ। ਮੈਂ ਤੇਰੀ ਹੋ ਗਈ ਅਤੇ 1985 ਵਿੱਚ “ਨੱਚਦੀ ਦੀ ਗੁੱਤ ਖੁੱਲ ਗਈ” ਇਹਨਾਂ ਟੇਪਾਂ ਨੇ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ ਤੇ ਪ੍ਰੇਮੀ ਜੌਹਲ ਦੀ ਪਹਿਚਾਣ ਵਿਸ਼ਵ ਭਰ ਦੇ ਚੋਟੀ ਦੇ ਕਲਾਕਾਰਾਂ ਦੇ ਨਾਵਾਂ ਵਾਲੀ ਸੂਚੀ ਚ ਪਹਿਲੀ ਕਤਾਰ ਚ ਸ਼ਾਮਿਲ ਕਰਵਾ ਦਿੱਤਾ। ਯੂਕੇ ਰਹਿੰਦਿਆਂ ਹੋਇਆਂ ਮੇਲੇ ਅਤੇ ਵਿਅਹ ਸ਼ਾਦੀਆਂ ਦੇ ਪ੍ਰੋਗਰਾਮ ਮਿਲਣ ਲੱਗੇ ਅਤੇ ਇਸ ਦੇ ਨਾਲ ਯੂਰਪ ਤੋਂ ਇਲਾਵਾ 1986 ਤੋਂ ਨਾਰੋਬੀ ਕੀਨੀਆ, ਮਲੇਸ਼ੀਆ, ਸਿੰਘਾਪੁਰ ਅਤੇ ਕਨੇਡਾ ਅਮਰੀਕਾ ਦੇ ਟੂਰ ਹੁਣ ਤੱਕ ਲਗਾਤਾਰ ਲਗਦੇ ਹੀ ਰਹਿੰਦੇ ਹਨ। “ਉਹ ਟੀਨਾ ਉਹ ਟੀਨਾ” ਅਤੇ ਗਿੱਧਾ ਪਾ ਨਿੱਕੀਏ ਗੀਤਾਂ ਨੇ ਪ੍ਰੇਮੀ ਜੌਹਲ ਦੀ ਐਸੀ ਹਾਜਰੀ ਲਗਵਾਈ ਕਿ ਸ਼ਾਇਦ ਹੀ ਦੁਨੀਆ ਦਾ ਕੋਈ ਕੋਨਾ ਹੋਵੇ ਜਿੱਥੇ ਇਹ ਗੀਤ ਵੱਜੇ ਨਾ ਹੋਣ । ਇਸ ਦੇ ਨਾਲ “ਇੱਕ ਦੂਜੇ ਦੇ ਮੋਢੇ ਤੇ ਚੜ ਕੇ ਪੰਜਾਬੀ ਮੁੰਡੇ ਪਾਉਣ ਭੰਗੜਾ” ਗੀਤ ਨੇ ਵੀ ਚੰਗੀ ਵਾਹ ਖੱਟੀ। ਵਿਆਹਾਂ ਤੇ ਲੱਗਣ ਵਾਲੇ ਗੀਤ “ਵੇਲਾ ਆਇਆ ਮਿਲਣੀ ਦਾ” ਅਤੇ “ਸ਼ਗਨਾ ਦਾ ਗੀਤ ਹੈ ਪ੍ਰੇਮੀ ਜੌਹਲ ਗਾ ਰਿਹਾ, ਮਾਮਾ ਭਾਣਜੀ ਦੇ ਹੱਥਾਂ ਚ ਚੂੜਾ ਪਾ ਰਿਹਾ” ਹਰ ਵਿਆਹ ਵਾਲੀ ਮੂਵੀ ਦਾ ਸ਼ਿੰਗਾਰ ਬਣੇ।
ਬਬਲੀ ਗੀਤ ਦੀ ਸਫਲਤਾ ਤੋਂ ਬਾਅਦ ਸਮੇਂ ਅਤੇ ਆਪਣੇ ਸਰੋਤਿਆਂ ਦੀ ਮੰਗ ਤੇ ਨਵੇਂ ਗੀਤ “ਪਿੰਕੀ” ਨਾਲ ਇਹਨੀਂ ਦਿਨੀਂ ਹਾਜਰੀ ਲਗਵਾਉਣ ਵਾਲੇ ਪ੍ਰੇਮੀ ਜੌਹਲ ਚਾਹੁੰਣ ਵਾਲਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਟੀਵੀ ਰੇਡੀਓ ਅਤੇ ਸ਼ੋਸ਼ਲ ਮੀਡੀਆ ਤੇ ਹਰ ਪਾਸੇ ਪਿੰਕੀ ਗੀਤ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ। ਯੂਕੇ ਦੇ ਪ੍ਰਸਿੱਧ ਸੰਗੀਤਕਾਰ ਪੋਪਸੀ ਮਿਊਜ਼ਿਕ ਮਸ਼ੀਨ ਵਲੋਂ ਤਿਆਰ ਕੀਤੇ ਸੰਗੀਤ ਤੇ ਪੱਬਾਂ ਕਲੱਬਾਂ ਚ ਨੌਜਵਾਨ ਮੁੰਡੇ ਕੁੜੀਆਂ ਇਸ ਗੀਤ ਤੇ ਧੁੰਮਾਂ ਪਾ ਰਹੇ ਹਨ। ਮਾਂ ਬੋਲੀ ਪੰਜਾਬੀ ਦੇ ਪੁੱਤਰ ਦਿਲ ਚ ਪੰਜਾਬ ਨੂੰ ਵਸਾ ਕੇ ਬਲੈਤ ਚ ਵਸਣ ਵਾਲੇ ਪ੍ਰੇਮੀ ਜੌਹਲ ਨੂੰ ਪ੍ਰਮਾਤਮਾ ਹਮੇਸ਼ਾਂ ਇਸੇ ਤਰਾਂ ਚੜ੍ਹਦੀ ਕਲਾ ਵਿੱਚ ਰੱਖੇ।
