ਸੰਜੀਵ ਭਨੋਟ ਬਰਮਿੰਘਮ/ ਪੰਜ ਦਰਿਆ ਬਿਊਰੋ
ਪੰਜਾਬੀ ਜਿੱਥੇ ਵੀ ਗਏ ਨੇ ਆਪਣੇ ਨਾਲ ਆਪਣਾ ਵਿਰਸਾ, ਬੋਲੀ ਤੇ ਸੱਭਿਆਚਾਰ ਨਾਲ ਲੈ ਕੇ ਗਏ ਨੇ ਇਸਦੀ ਉਦਾਹਰਣ ਕੱਲ ਹੋਏ ਸਮੈਦਿਕ ਯੂ ਕੇ ਦੇ ਵਿਰਾਸਤੀ ਮੇਲੇ ਵਿੱਚ ਦੇਖਣ ਨੂੰ ਮਿਲੀ ਸਾਰਾ ਮੇਲਾ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਸਮਰਪਿਤ ਸੀ। ਵਿਰਾਸਤੀ ਮੇਲਾ ਸਮੈਦਿਕ ਯੂ ਕੇ ਦੇ ਬਹੁਤ ਖੂਬਸੂਰਤ ਹਾਲ The Opal Suite ਵਿਖੇ ਕਰਵਾਇਆ ਗਿਆ, ਆਰ ਬੀ ਪ੍ਰੋਡਕਸ਼ਨ ਯੂ ਕੇ ਤੇ ਦੇਸੀ ਵਲੈਤੀਏ ਦੀ ਟੀਮ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਮੇਲੇ ਵਿੱਚ ਜਿੱਥੇ ਵਿਰਾਸਤੀ ਸਮਾਨ ਖਿੱਚ ਦਾ ਕੇਂਦਰ ਸੀ ਉੱਥੇ ਪੂਰੇ ਇੰਗਲੈਂਡ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਜੋ ਯੂਰਪੀ ਪੰਜਾਬੀ ਸੱਥ ਵਾਲਸਾਲ ਤੇ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਜੀ ਵਲੋਂ ਸਪਾਂਸਰ ਕੀਤੀਆਂ ਗਈਆਂ ਸੀ ਇਥੇ ਜਿਕਰਯੋਗ ਹੈ ਕੀ ਯੂਰਪੀ ਪੰਜਾਬੀ ਸੱਥ ਆਪਣੇ ਖਰਚੇ ਤੇ ਗੁਰਮੁਖੀ , ਸ਼ਾਹਮੁਖੀ ਵਿੱਚ ਕਿਤਾਬਾਂ ਛਪਵਾ ਕੇ ਦੁਨੀਆਂ ਭਰ ਵਿੱਚ ਵੰਡਦੀ ਹੈ। ਇਸ ਵਿਰਾਸਤੀ ਮੇਲੇ ਤੇ ਆਈਆਂ ਬੀਬੀਆਂ ਵਲੋਂ ਕਿਤਾਬਾਂ ਵਾਲੇ ਉਪਰਾਲੇ ਨੂੰ ਬਹੁਤ ਸਰਾਹਿਆ ਗਿਆ। ਮੇਲੇ ਵਿੱਚ ਅਲੋਪ ਹੋ ਚੁੱਕੇ ਤੇ ਅਲੋਪ ਹੋ ਰਹੇ ਵਿਰਾਸਤੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਪੁਰਾਣੇ ਪਿੱਤਲ, ਕਾਂਸੇ ਤੇ ਤਾਂਬੇ ਦੇ ਭਾਂਡੇ, ਸੂਤ ਕੱਤਣ ਵਾਲਾ ਚਰਖ਼ਾ, ਚੁੱਲਾ, ਕੂੰਡਾ ਸੋਟਾ ਤੇ ਵਿਰਾਸਤੀ ਗਹਿਣੇ , ਮੂੜੇ ਪੀੜ੍ਹੀਆਂ ਤੇ ਹੋਰ ਬਹੁਤ ਕੁੱਝ ਰੱਖਿਆ ਗਿਆ ਸੀ ਇਸਦਾ ਸਿੱਧਾ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣਾ ਸੀ ਜਿਸਨੂੰ ਬਹੁਤ ਸਲਾਹਿਆ ਗਿਆ।
ਆਰ ਬੀ ਪ੍ਰੋਡਕਸ਼ਨ ਯੂ ਕੇ ਦੇ ਸੰਚਾਲਕ ਕੁਲਦੀਪ ਸਿੰਘ ਰਾਏ ਤੇ ਦੇਸੀ ਵਲੈਤੀਆਂ ਟੀਮ ਸੰਜੀਵ ਭਨੋਟ, ਮੀਤੂ ਸਿੰਘ, ਮਨਦੀਪ ਸਹੋਤਾ, ਪ੍ਰਭਜੋਤ ਵੜੈਚ , ਗੁਰਮੇਲ ਕੌਰ ਤੇ ਸੁਖਪ੍ਰੀਤ ਕੌਰ ਹੁਣਾਂ ਦੀ ਮਿਹਨਤ ਸਦਕਾ ਇਹ ਮੇਲਾ ਕਾਮਯਾਬ ਹੋਇਆ। ਮੰਚ ਸੰਚਾਲਨ ਦੀ ਭੂਮਿਕਾ ਮੀਤੂ ਸਿੰਘ ਤੇ ਮਨਦੀਪ ਸਹੋਤਾ ਵਲੋਂ ਨਿਭਾਈ ਗਈ। ਮੇਲੇ ਵਿੱਚ ਭਾਂਤ ਭਾਂਤ ਦੇ ਮੁਕਾਬਲੇ ਕਰਵਾਏ ਗਏ ਜਿਵੇਂ ਸੱਭਿਆਚਾਰਕ ਬੋਲੀਆਂ ਤੇ ਕਢਾਈ ਸ਼ਾਮਿਲ ਹੈ। ਮੁਟਿਆਰਾਂ ਤੇ ਬੀਬੀਆਂ ਨੇ ਵਿਰਾਸਤੀ ਮੇਲੇ ਦਾ ਪੂਰਾ ਆਨੰਦ ਮਾਣਿਆ ਤੇ ਨੱਚ ਨੱਚ ਹਨੇਰੀ ਲਿਆ ਦਿੱਤੀ। ਡੀ ਜੇ ਅੰਮ੍ਰਿਤਾ ਕਲਸੀ ਵਲੋਂ ਢੋਲ ਤੇ ਢੋਲਕੀ ਨਾਲ ਬੀਬੀਆਂ ਦੀਆਂ ਬੋਲੀਆਂ ਦਾ ਸਾਥ ਦਿੱਤਾ ਗਿਆ। ਸਾਰੇ ਪ੍ਰੋਗਰਾਮ ਦੀ ਵਿਰਾਸਤੀ ਸਜਾਵਟ ਇੰਗਲੈਂਡ ਦੇ ਮਸ਼ਹੂਰ ਪ੍ਰੇਮ ਵੈਡਿੰਗ ਡੈਕੋਰੇਟਰ ਸੁਨੀਤਾ ਤੇ ਮੁਕੇਸ਼ ਮਹਿਮੀ ਵਲੋਂ ਕੀਤੀ ਗਈ। ਮੇਲੇ ਦੀ ਖਾਸ ਗੱਲ ਇਹ ਵੀ ਸੀ ਇੱਕੋ ਸਾਥ ਚਾਰ ਪੀੜ੍ਹੀਆਂ ਇੱਕਠੀਆਂ ਦੇਖਣ ਨੂੰ ਮਿਲੀਆਂ(ਪੜਨਾਨੀ, ਨਾਨੀ, ਮਾਂ ਤੇ ਧੀ) |
ਦੇਸੀ ਵਲੈਤੀਆਂ ਦੀ ਸਾਰੀ ਟੀਮ ਵੱਲੋਂ ਜਿਥੇ ਆਈਆਂ ਮੁਟਿਆਰਾਂ ਤੇ ਬੀਬੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਦਾ ਓਪਲ ਸਵੀਟ ਦੇ ਮਾਲਕ ਪਲਵਿੰਦਰ ਸਿੰਘ ਉਪਲ, ਹਰਪ੍ਰੀਤ ਸਿੰਘ ਸਲੂਜਾ ਤੇ ਪਰਮਿੰਦਰ ਅਟਵਾਲ ਹੁਣਾਂ ਦਾ ਬਹੁਤ ਸੁਵਾਦਲੇ ਭੋਜਨ ਤੇ ਬੇਹਤਰੀਨ ਆਓਭਗਤ ਲਈ ਵੀ ਧੰਨਵਾਦ ਕੀਤਾ ਗਿਆ। ਟੀਮ ਦੇਸੀ ਵਲੈਤੀਏ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਪ੍ਰੋਗਰਾਮ ਉਲੀਕ ਦੀ ਰਹੇਗੀ।