ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਸੈਂਟਾ ਬਾਰਬਰਾ ਕਾਉੰਟੀ ਜੇਲ੍ਹ ਦੇ ਕੈਦੀਆਂ ਅਤੇ ਕੁੱਝ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੈ। ਇਸ ਸਬੰਧੀ ਸੈਂਟਾ ਬਾਰਬਰਾ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਅਤੇ ਸੈਂਟਾ ਬਾਰਬਰਾ ਕਾਉਂਟੀ ਸ਼ੈਰਿਫ ਦਫਤਰ ਦੀ ਰਿਪੋਰਟ ਅਨੁਸਾਰ 19 ਅਗਸਤ, 2021 ਤੋਂ ਲੈ ਕੇ ਘੱਟੋ ਘੱਟ 65 ਕੈਦੀਆਂ ਅਤੇ ਚਾਰ ਸਟਾਫ ਮੈਂਬਰਾਂ ਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ। ਸੈਂਟਾ ਬਾਰਬਰਾ ਸ਼ੈਰਿਫ ਵਿਭਾਗ ਦੇ ਅਨੁਸਾਰ, ਇਸ ਸਬੰਧੀ ਇੱਕ ਜਾਂਚ 20 ਅਗਸਤ, 2021 ਨੂੰ 11 ਕੈਦੀਆਂ ਅਤੇ ਇੱਕ ਸਟਾਫ ਮੈਂਬਰ ਦੇ ਪੀੜਤ ਹੋਣ ਨਾਲ ਸ਼ੁਰੂ ਹੋਈ ਜੋ ਕਿ ਕਾਉਂਟੀ ਜੇਲ੍ਹ ਦੇ ਦੱਖਣੀ ਮੋਡੀਊਲ ਵਿੱਚ ਸੰਕਰਮਿਤ ਹੋਏ ਸਨ। ਇਹਨਾਂ 65 ਕੈਦੀਆਂ ਵਿੱਚੋਂ, 17 ਕੈਦੀ ਠੀਕ ਹੋ ਗਏ ਹਨ, ਜਦਕਿ ਕੁੱਲ 48 ਕੈਦੀ ਕੋਰੋਨਾ ਦੇ ਐਕਟਿਵ ਕੇਸ ਹਨ। ਜੇਲ੍ਹ ਅਧਿਕਾਰੀਆਂ ਅਧਿਕਾਰੀਆਂ ਦੁਆਰਾ ਬਿਮਾਰ ਕੈਦੀਆਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ , ਜੋ ਕਿ ਕੁਆਰੰਟੀਨ ਅਧੀਨ ਹਨ । ਇਸਦੇ ਇਲਾਵਾ ਘੱਟੋ ਘੱਟ ਇੱਕ ਕੈਦੀ ਨੂੰ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਦੋ ਨੂੰ ਮੋਨੋਕਲੋਨਲ ਐਂਟੀਬਾਡੀ ਇਲਾਜ ਮਿਲਿਆ ਹੈ। ਜੇਲ੍ਹ ਵਿੱਚ ਕੋਰੋਨਾ ਪ੍ਰਕੋਪ ਨੂੰ ਘਟਾਉਣ ਅਤੇ ਟੈਸਟਿੰਗ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
