ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ, ਮੈਨੇਜਰ ਅਤੇ ਡਾਇਰੈਕਟਰ ਜਿਮ ਮੈਕਲੀਨ ਦੇ ਬੁੱਤ ਦਾ ਉਦਘਾਟਨ ਸ਼ਨੀਵਾਰ ਨੂੰ ਡੰਡੀ ਯੂਨਾਈਟਿਡ ਦੇ ਟੈਨਡਾਈਸ ਸਟੇਡੀਅਮ ਦੇ ਬਾਹਰ ਕੀਤਾ ਗਿਆ ਹੈ। ਮੈਕਲੀਨ ਦਾ ਇਹ ਕਾਂਸੀ ਦਾ ਬੁੱਤ ਪ੍ਰਸ਼ੰਸਕਾਂ ਨੇ ਕਲੱਬ ਦੇ ਸਭ ਤੋਂ ਸਫਲ ਮੈਨੇਜਰ ਨੂੰ ਯਾਦ ਕਰਨ ਲਈ 62,000 ਪੌਂਡ ਇਕੱਠੇ ਕਰਨ ਤੋਂ ਬਾਅਦਬਣਾਇਆ ਗਿਆ ਹੈ। ਇਸ ਬੁੱਤ ਦੇ ਉਦਘਾਟਨ ਸਮੇਂ ਮੈਕਲੀਨ ਦੀ ਪਤਨੀ ਡੌਰਿਸ ਅਤੇ ਉਸ ਦੇ ਦੋ ਪੁੱਤਰ ਯੂਨਾਈਟਿਡ ਦੇ ਚੇਅਰਮੈਨ ਮਾਰਕ ਓਗਰੇਨ, ਟੀਮ ਮੈਨੇਜਰ ਟੈਮ ਕੋਰਟਸ ਅਤੇ ਹੋਰ ਅਧਿਕਾਰੀਆਂ ਸਮੇਤ ਮੌਜੂਦ ਸਨ। ਐਲਨ ਹੇਰੀਓਟ ਦੁਆਰਾ ਬਣਾਇਆ ਗਿਆ ਇਹ ਬੁੱਤ, ਜਿਸ ਵਿੱਚ ਮੈਕਲੀਨ ਦੇ ਹੱਥਾਂ ‘ਚ ਟਰਾਫੀ ਫੜੀ ਹੋਈ ਹੈ, 1983 ਵਿੱਚ ਕਲੱਬ ਦੀ ਸਫਲਤਾ ਨੂੰ ਦਰਸਾਉਂਦਾ ਹੈ। ਹੈਮਿਲਟਨ ਐਸੀਜ਼, ਕਲਾਈਡ, ਡੰਡੀ ਅਤੇ ਕਿਲਮਾਰਨੌਕ ਦੇ ਨਾਲ ਇੱਕ ਸਾਬਕਾ ਖਿਡਾਰੀ, ਮੈਕਲੀਨ 22 ਸਾਲਾਂ ਲਈ ਯੂਨਾਈਟਿਡ ਕਲੱਬ ਦਾ ਇੱਕ ਸਫਲ ਮੈਨੇਜਰ ਰਿਹਾ ਸੀ ਅਤੇ ਅੱਗੇ ਚੱਲ ਕੇ ਉਹ ਟੈਨਡਾਈਸ ਵਿੱਚ ਡਾਇਰੈਕਟਰ ਅਤੇ ਚੇਅਰਮੈਨ ਬਣਿਆ। ਜਿਕਰਯੋਗ ਹੈ ਕਿ 1937 ਵਿੱਚ ਜਨਮੇ ਜਿਮ ਮੈਕਲੀਨ ਦਾ 2020 ਵਿੱਚ ਦੇਹਾਂਤ ਹੋ ਗਿਆ ਸੀ।
