ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਹੋਈਆਂ ਲੱਖਾਂ ਮੌਤਾਂ ਨੂੰ ਯਾਦ ਅਤੇ ਸ਼ਰਧਾਂਜਲੀ ਦੇਣ ਲਈ ਤਕਰੀਬਨ 660,000 ਤੋਂ ਵੱਧ ਚਿੱਟੇ ਝੰਡੇ ਰਾਜਧਾਨੀ ਵਾਸ਼ਿੰਗਟਨ, ਡੀ ਸੀ ਦੇ ਨੈਸ਼ਨਲ ਮਾਲ ਦੇ ਵਿਸ਼ਾਲ ਮੈਦਾਨ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ। ਇਹ ਪ੍ਰਦਰਸ਼ਨੀ ਜਿਸ ਨੂੰ “ਇਨ ਅਮਰੀਕਾ: ਰੀਮੈਂਬਰ” ਕਿਹਾ ਗਿਆ ਹੈ, ਤਹਿਤ ਲਗਾਇਆ ਹਰੇਕ ਝੰਡਾ, ਕੋਵਿਡ ਨਾਲ ਮਾਰੇ ਗਏ ਹਰੇਕ ਅਮਰੀਕੀ ਦੀ ਨੁਮਾਇੰਦਗੀ ਕਰਦਾ ਹੈ। ਤਕਰੀਬਨ 20 ਏਕੜ ‘ਚ ਕੀਤੀ ਚਿੱਟੇ ਝੰਡਿਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ ਅਤੇ ਇਹ 3 ਅਕਤੂਬਰ ਤੱਕ ਰਹੇਗੀ। ਇਸ ਦੌਰਾਨ ਇੱਥੇ ਆਉਣ ਵਾਲੇ ਲੋਕ ਵੀ ਆਪਣੇ ਅਜੀਜਾਂ ਦਾ ਨਾਮ ਲਿਖ ਕੇ ਝੰਡਾ ਲਗਾ ਸਕਦੇ ਹਨ, ਜੋ ਕੋਰੋਨਾ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਹ ਪ੍ਰਦਰਸ਼ਨੀ ਕਲਾਕਾਰ ਸੁਜ਼ਾਨ ਬ੍ਰੇਨਨ ਫਸਟਨਬਰਗ ਦੁਆਰਾ ਦੂਜੀ ਪ੍ਰਦਰਸ਼ਨੀ ਹੈ ਜੋ ਕਿ ਲੱਖਾਂ ਕੋਰੋਨਾ ਮੌਤਾਂ ਨੂੰ ਮਾਣ ਦੇਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਸ਼ੁੱਕਰਵਾਰ ਤੱਕ ਤਕਰੀਬਨ 670,034 ਕੋਰੋਨਾ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 41,700,000 ਤੋਂ ਵੱਧ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਫਸਟਨਬਰਗ ਨੇ ਪਹਿਲੀ ਵਾਰ ਅਕਤੂਬਰ 2020 ਵਿੱਚ ਡੀ ਸੀ ਦੇ ਆਰ ਐਫ ਕੇ ਸਟੇਡੀਅਮ ਦੇ ਬਾਹਰ ਚਿੱਟੇ ਝੰਡਿਆਂ ਦੀ ਪ੍ਰਦਰਸ਼ਨੀ ਕੀਤੀ ਸੀ।
