12.4 C
United Kingdom
Monday, May 20, 2024

More

    ਆਂਗਣਵਾੜੀ ਮੁਲਾਜਮਾਂ ਵੱਲੋਂ ਵਿਧਾਨ ਸਭਾ ਅੱਗੇ ਸਰਕਾਰ ਨੂੰ ਲਲਕਾਰਨ ਦਾ ਐਲਾਨ

    ਜਲੰਧਰ (ਅਸ਼ੋਕ ਵਰਮਾ) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ 4 ਅਕਤੂਬਰ ਨੂੰ ਮੋਹਾਲੀ ’ਚ ਵੱਡੀ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਦਿਆਂ ਵਿਧਾਨ ਸਭਾ ਅੱਗੇ ਪੁੱਜ ਕੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਲਲਕਾਰਨ ਦਾ ਐਲਾਨ ਕਰ ਦਿੱਤਾ ਹੈ।  ਇਸ ਤੋਂ ਪਹਿਲਾਂ ਯੂਨੀਅਨ ਪੰਜਾਬ ਭਰ ’ਚ ਲਾਮਬੰਦੀ ਦਾ ਦੌਰ ਚਲਾਏਗੀ ਤਾਂ ਜੋ ਇਸ ਸੂਬਾ ਪੱਧਰੀ ਰੈਲੀ ’ਚ ਫੈਸਲਾਕੁੰਨ ਇਕੱਠ ਕੀਤਾ ਜਾ ਸਕੇ। ਪਿਛਲੇ ਕਈ ਦਿਨਾਂ ਤੋਂ ਪਿੰਡਾਂ ’ਚ ਪੁਤਲੇ ਸਾੜਕੇ ਪੰਜਾਬ ਸਰਕਾਰ ਖਿਲਾਫ ਭੰਡੀ ਪ੍ਰਚਾਰ ਕਰ ਰਹੀਆਂ ਵਰਕਰਾਂ ਅਤੇ ਹੈਲਪਰਾਂ ਵੱਲੋਂ ਕੀਤੇ ਇਸ ਫੈਸਲੇ ਉਪਰੰਤ ਹਕੂਮਤ ਅਤੇ ਯੂਨੀਅਨ ’ਚ ਨਵੇਂ ਟਕਰਾਅ ਦਾ ਮੁੱਢ ਬੱਝ ਗਿਆ ਹੈ।ਇਹ ਫੈਸਲਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਸੂਬਾਈ ਆਗੂਆਂ , ਜਿਲ੍ਹਾ ਪ੍ਰਧਾਨ , ਬਲਾਕ ਪ੍ਰਧਾਨਾਂ ਤੇ ਸਰਗਰਮ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ ਹੈ । ਜਥੇਬੰਦੀ ਦੀਆਂ ਆਗੂਆਂ ਨੇ ਅੱਜ ਪੰਜਾਬ ਸਰਕਾਰ ਨਾਲ ਬੇਹੱਦ ਨਰਾਜ਼ਗੀ ਜਾਹਰ ਕੀਤੀ ਅਤੇ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਮੋਹਾਲੀ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਹਜਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਇਸ ਦਫਤਰ ਨੂੰ ਘੇਰਨਗੀਆਂ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਜਾਣਗੀਆਂ ਤੇ ਸੁੱਤੀ ਪਈ ਪੰਜਾਬ ਸਰਕਾਰ ਦਾ ਦਰਵਾਜਾ ਖੜਕਾਇਆ ਜਾਏਗਾ । ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਭ ਤੋਂ ਨਿਕੰਮੀ ਤੇ ਮਾੜੀ ਸਰਕਾਰ ਸਾਬਤ ਹੋਈ ਹੈ ਜਿਸ ਦਾ ਸਬੂਤ ਹੈ ਕਿ  ਸਾਰੇ ਵਰਗਾਂ ਦੇ ਲੋਕ ਸੜਕਾਂ ਤੇ ਉੱਤਰੇ ਹੋਏ ਹਨ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਕਰਕੇ ਵਾਅਦਾਖਿਲਾਫੀਆਂ ਨੂੰ ਲੈਕੇ ਹਾਕਮ ਧਿਰ ਨੂੰ ਸਿਆਸੀ ਸੱਟ ਮਾਰੀ ਜਾਏਗੀ ।

    ਇਹ ਆਗੂ ਸਨ ਹਾਜਰ

    ਇਸ ਮੀਟਿੰਗ ਵਿੱਚ ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਭੋਗਪੁਰ , ਜਸਵੀਰ ਕੌਰ ਦਸੂਹਾ , ਸ਼ਿੰਦਰਪਾਲ ਕੌਰ ਭੂੰਗਾ , ਜਸਵਿੰਦਰ ਕੌਰ ਪੱਟੀ , ਪੂਨਾ ਰਾਣੀ ਨਵਾਂ ਸ਼ਹਿਰ , ਮਨਜੀਤ ਕੌਰ ਸਿੱਧਵਾਂ ਬੇਟ , ਸੁਨੀਤਾ ਰਾਣੀ ਲੋਹੀਆਂ , ਹਰਵਿੰਦਰ ਕੌਰ ਹੁਸ਼ਿਆਰਪੁਰ , ਰਜਵੰਤ ਕੌਰ ਤਰਨਤਾਰਨ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ ਸਾਹਿਬ , ਰਣਜੀਤ ਕੌਰ ਬਟਾਲਾ , ਸੰਤੋਸ਼ ਵੇਰਕਾ , ਸ਼ਮਾਂ ਅਟਾਰੀ ਤੇ ਰਾਜਵੀਰ ਕੌਰ ਨੌਸ਼ਿਹਰਾ ਆਦਿ ਆਗੂ ਹਾਜਰ ਸਨ ।

    ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ

    ਹਰਗੋਬਿੰਦ ਕੌਰ ਨੇ ਪ੍ਰੀਪ੍ਰਾਇਮਰੀ ਕਲਾਸਾਂ ’ਚ ਦਾਖਲ ਕੀਤੇ 3 ਤੋਂ 6 ਸਾਲ ਤੱਕ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜਣ, ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦੇਣ, ਜਦੋਂ ਤੱਕ ਇਹ ਸੰਭਵ ਨਹੀਂ ਉਦੋਂ ਤੱਕ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰ ਨੂੰ 24 ਹਜਾਰ ਰੁਪਏ ਅਤੇ ਹੈਲਪਰ ਨੂੰ 18 ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਅਦਾ ਕਰਨ ਅਤੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਹਰਿਆਣਾ ਪੈਟਰਨ ਤੇ ਜਾਰੀ ਕਰਨ ਦੀ ਮੰਗ ਕੀਤੀ। ਉਹਨਾਂ ਚਿਤਾਵਨੀ ਦਿੱਤੀ ਕਿ ਵਰਕਰਾਂ ਤੇ ਹੈਲਪਰਾਂ ਦੀਆਂ 14 ਸੂਤਰੀ ਮੰਗ ਪੱਤਰ ’ਚ ਦਰਜ ਮੰਗਾਂ ਦਾ ਹੱਲ ਹੋਣ ਤੱਕ ਪੰਜਾਬ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।

    Punj Darya

    Leave a Reply

    Latest Posts

    error: Content is protected !!