ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ-ਫ੍ਰੀ-ਟਰੈਵਲ’ ਯਾਤਰਾ ਉਤੇ ਅਗਲੇ 2 ਮਹੀਨਿਆ ਤੱਕ ਰੋਕ ਲਗਾ ਦਿੱਤੀ ਹੈ। ਇਹ ਰੋਕ 23 ਜੁਲਾਈ ਨੂੰ ਲਗਾਈ ਗਈ ਸੀ ਅਤੇ 24 ਸਤੰਬਰ ਤੱਕ ਲੱਗੀ ਹੋਈ ਸੀ। ਇਹ ਸਾਰਾ ਕੁਝ ਡੈਲਟਾ ਦੇ ਦਾਖਲੇ ਨੂੰ ਬੰਦ ਕਰਨ ਵਾਸਤੇ ਕੀਤਾ ਗਿਆ ਹੈ। ਜਿਹੜੇ ਲੋਕ ਐਮ. ਆਈ. ਕਿਊ. ਦੇ ਵਿਚ ਰਹਿਣ ਦੀ ਸਹੂਲਤ ਅਨੁਸਾਰ ਆਉਣਾ ਚਾਹੁਣਗੇ ਉਹ 20 ਸਤੰਬਰ ਤੋਂ ਆਈਸੋਲੇਸ਼ਨ ਵਾਸਤੇ ਬੁਕਿੰਗ ਕਰ ਸਕਦੇ ਹਨ। ਇਨ੍ਹਾਂ ਨੂੰ ਅਕਤੂਬਰ ਅਤੇ ਨਵੰਬਰ ਵਿਚ ਕਮਰੇ ਮਿਲਣਗੇ। ਇਕ ਫਲਾਈਟ 26 ਸਤੰਬਰ ਨੂੰ ਆ ਰਹੀ ਹੈ ਇਹ ਉਹ ਹੈ ਜਿਹੜੇ 5 ਅਤੇ 15 ਸਤੰਬਰ ਦੀ ਰੈਡ ਫਲਾਈਟ ਦੇ ਵਿਚ ਆਉਣੋ ਰਹਿ ਗਏ ਸਨ। ਇਹ ਉਹ ਲੋਕ ਹੋਣਗੇ ਜਿਹੜੇ ਐਮਰਜੈਂਸੀ ਹਲਾਤਾਂ ਦੇ ਵਿਚ ਉਥੇ ਗਏ ਹੋਣਗੇ। 72 ਘੰਟੇ ਪਹਿਲਾਂ ਕਰੋਨਾ ਟੈਸਟ ਹੋਣਾ ਜਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਇਥੇ 14 ਦਿਨ ਰਹਿਣ ਦਾ ਖਰਚਾ ਦੇਣਾ ਪਵੇਗਾ। ਸਰਕਾਰ ਨਵੰਬਰ ਦੇ ਅੱਧ ਵਿਚ ਦੁਬਾਰਾ ਸੋਚੇਗੀ ਕਿ ਆਸਟਰੇਲੀਆ ਤੋਂ ਕੁਆਰਨਟੀਨ ਮੁਕਤ ਫਲਾਈਟ ਚਲਾਈ ਜਾਵੇ ਕਿ ਨਾ। ਇਸ ਤੋਂ ਇਲਾਵਾ ਸਮੁੰਦਰੀ ਯਾਤਰਾ ਵੀ ਬੰਦ ਹੈ ਅਤੇ 2022 ਦੇ ਵਿਚ ਵਿਚਾਰੀ ਜਾਵੇਗੀ। ਸੋ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਬਈ ਆਸਟਰੇਲੀਆ ਵਾਲਿਆ ਅਜੇ ਰੁਕ ਜਾਓ ਦੋ ਕੁ ਹੋਰ ਮਹੀਨੇ ਫਿਰ ਦੇਖਦੇ ਆ ਕਿ ਫਲਾਈਟਾਂ ਖੋਲ੍ਹੀਏ ਕਿ ਨਾ…
