
ਨਹੀਂ ਮੈਨੂੰ ਖ਼ੁਦ ਤੇ ਨਹੀਂ ਗ਼ਮਜ਼ਦਾ ਕੁਦਰਤ ਤੇ ਰੋਣਾ ਆਇਆ,
ਬਦ-ਅਹਦ ਇਨਸਾਨ ਦੀ ਫਿਤਰਤ ਤੇ ਰੋਣਾ ਆਇਆ।
ਬੜੀ ਹਰਿਆਲੀ ਅਤੇ ਫੁੱਲਾਂ ਨਾਲ ਲੱਦੀ ਧਰਤ ਸੀ,
ਉਹ ਹੋਈ ਬੀਆਬਾਨ ਤਾਂ ਉਸਦੀ ਹਾਲਤ ਤੇ ਰੋਣਾ ਆਇਆ।
ਜੋ ਕਹਿੰਦੇ ਸੀ ਖੜ੍ਹਾਂਗੇ ਨਾਲ ਤੇਰੇ ਵਿੱਚ ਮੁਸੀਬਤ ਦੇ,
ਉਨ੍ਹਾਂ ਮੁੱਖ ਮੋੜਿਆ ਜੋ ਹੋਏ ਬੇਗ਼ੈਰਤ ਤਾਂ ਰੋਣਾ ਆਇਆ।
ਬੜੀ ਉਮੀਦ ਅਤੇ ਪਿਆਰ ਨਾਲ ਮੈਂ ਜੋ ਘੜੀ ਸੀ,
ਜਦੋਂ ਤਿੜਕੀ ਤਾਂ ਉਸ ਵਿਸ਼ਵਾਸ ਦੀ ਮੂਰਤ ਤੇ ਰੋਣਾ ਆਇਆ।
ਜੋ ਭਰਦੇ ਨੇ ਖਜ਼ਾਨੇ ਆਪਣੇ ਹੋਰਾਂ ਨੂੰ ਲੁੱਟ ਕੇ
ਉਹਨਾਂ ਦੇ ਦਿਲਾਂ ਦੀ ਹਨੇਰੀ ਗੁਰਬਤ ਤੇ ਰੋਣਾ ਆਇਆ।
ਜਿਹਨਾਂ ਦਾ ਫਰਜ਼ ਬਣਦਾ ਸੀ ਹਿਫਾਜ਼ਤ ਕਰਨਾ ਖ਼ਲਕਤ ਦੀ,
ਉਹਨਾਂ ਨੇ ਕੁਚਲਿਆ ਖ਼ਲਕਤ ਨੂੰ ਤਾਂ ਖ਼ਲਕਤ ਤੇ ਰੋਣਾ ਆਇਆ।
ਜੋ ਜਾਤਾਂ, ਧਰਮਾਂ ਅਤੇ ਨਸਲਾਂ ਖ਼ਾਤਿਰ ਬਲੀ ਚੜ੍ਹ ਗਈ,
ਜਦ ਦਫ਼ਨ ਹੋਈ ਤਾਂ ਉਸ ਪਾਕ ਮੁਹੱਬਤ ਤੇ ਰੇਣਾ ਆਇਆ।
ਜੋ ਹਾਸੇ ਗੂੰਜਦੇ ਸੀ, ਵੰਡਦੇ ਸੀ ਖੁਸ਼ੀਆਂ ਚੁਫੇਰੇ,
ਉਹ ਹੋਏ ਹੰਝੂ ਤਾਂ ਉਹਨਾਂ ਦੀ ਕਿਸਮਤ ਤੇ ਰੋਣਾ ਆਇਆ।
ਜਿਸਨੇ ਪਾਲਿਆ ਸੀ ਪੁੱਤਰਾਂ ਨੂੰ ਖ਼ੁਦ ਫ਼ਾਕੇ ਕੱਟ ਕੱਟ ਕੇ,
ਜਦੋਂ ਉਹ ਘਰੋਂ ਬੇਘਰ ਹੋਇਆ ਤਾਂ ਉਸ ਬੇਬਸ ਤੇ ਰੋਣਾ ਆਇਆ।
ਲੁਕੀ ਬੈਠੀ ਸੀ ਕਈ ਸਾਲਾਂ ਤੋਂ ਜੋ ਦਿਲ ਦੇ ਕੋਨੇ ਵਿੱਚ,
ਜੋ ਪੂਰੀ ਨਾ ਹੋਈ ਮਲੂਕ ਉਸ ਹਸਰਤ ਤੇ ਰੋਣਾ ਆਇਆ।
ਅਮਨਜੀਤ ਜੌਹਲ