ਹਰਜੀਤ ਲਸਾੜਾ, ਬ੍ਰਿਸਬੇਨ- ਇੱਥੇ ਮਾਝਾ ਯੂਥ ਕਲੱਬ ਬ੍ਰਿਸਬੇਨ ਦੀ ਅਗਵਾਈ ਹੇਠ ਬ੍ਰਿਸਬੇਨ ਵਿਖੇ ਭਾਰਤੀ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਵੱਲੋਂ ਪਿਛਲੇ ਦਿਨੀਂ ਕਿਸਾਨਾਂ ‘ਤੇ ਹੋਏ ਅੱਤਿਆਚਾਰ ਦੀ ਨਿਖੇਧੀ ਅਤੇ ਚਿੰਤਨ ਕੀਤਾ ਗਿਆ ਅਤੇ ਤਕਰੀਰਾਂ ‘ਚ ਕੌਮਾਂਤਰੀ ਕਾਰਪੋਰੇਟ ਘਰਾਣਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਉਹਨਾਂ ਕਿਹਾ ਕਿ ਚਾਹੇ ਹਰਿਆਣਾ ਸਰਕਾਰ ਅਤੇ ਕਿਸਾਨਾਂ ‘ਚ ਧਰਨਾ ਚੁੱਕਣ ਬਾਬਤ ਕੁੱਝ ਸ਼ਰਤਾਂ ‘ਤੇ ਸਹਿਮਤੀ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਇਸ ਘਟਨਾਕ੍ਰਮ ‘ਤੇ ਮੁਆਫ਼ੀ ਮੰਗੇ ਤੇ ਘਟਨਾਕ੍ਰਮ ਨਾਲ ਸੰਬੰਧਿਤ ਅਫ਼ਸਰਸ਼ਾਹੀ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇ। ਰੋਸ ਪ੍ਰਦਰਸ਼ਨ ‘ਚ ਬੈਨਰਾਂ ਰਾਹੀਂ ਤਿੰਨਾਂ ਖੇਤੀ ਕਾਨੂੰਨ ਨੂੰ ‘ਕਾਲੇ ਕਾਨੂੰਨ’ ਗਰਦਾਨਦਿਆਂ ਤੁਰੰਤ ਰੱਦ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਗਈ। ਉਹਨਾਂ ਹੋਰ ਕਿਹਾ ਕਿ ਭਾਰਤ ਦੀ ਕੁੱਲ ਵਸੋਂ ਦਾ 70 ਪ੍ਰਤੀਸ਼ਤ ਖੇਤੀਬਾੜੀ ਉੱਤੇ ਨਿਰਭਰ ਹੈ। ਇਸ ਲਈ ਖੇਤੀ ਨੂੰ ਬਚਾਉਣਾ ਸਮੇਂ ਦੀ ਮੰਗ ਹੈ। ਪਰ ਜੇ ਸਰਕਾਰ, ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਕੇ ਨਿੱਜੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ ਤਾਂ ਹਰ ਦੇਸ਼ ਵਾਸੀਆਂ ਨੂੰ ਭਵਿੱਖ ਵਿੱਚ ਜਮਾਖੋਰੀ ਅਤੇ ਭੁੱਖਮਰੀ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਸੰਧੂ, ਰਣਜੀਤ ਗਿੱਲ, ਮਨ ਖੈਹਿਰਾ, ਅਤਿੰਦਰਪਾਲ, ਜੱਗਾ ਵੜੈਂਚ ਅਤੇ ਹਰਮਨਦੀਪ ਗਿੱਲ ਆਦਿ ਨੇ ਰੋਸ ਪ੍ਰਦਰਸ਼ਨ ‘ਚ ਸ਼ਮੂਲੀਅਤ ਕੀਤੀ।

