8 ਗੰਭੀਰ ਜਖਮੀ ਅਤੇ 40 ਦੀ ਸ਼ਮੂਲੀਅਤ ਦਾ ਖਦਸ਼ਾ
ਹਰਜੀਤ ਲਸਾੜਾ, ਬ੍ਰਿਸਬੇਨ- ਇੱਥੇ ਸੂਬਾ ਕੂਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਰੰਨਕੌਰਨ ਇਲਾਕੇ (ਦੱਖਣ) ‘ਚ ਲੰਘੇ ਸੋਮਵਾਰ ਰਾਤ ਨੂੰ ਵੱਖ-ਵੱਖ ਹਥਿਆਰਾਂ ਦੀ ਵਰਤੋਂ ਕਰਦਿਆਂ ਤਕਰੀਬਨ ਚਾਲੀ ਵਿਅਕਤੀਆਂ ਵਿਚਕਾਰ ਹੋਈ ਇੱਕ ਵੱਡੀ ਲੜਾਈ ਦੇ ਬਾਅਦ ਅੱਠ ਲੋਕ ਗੰਭੀਰ ਜਖਮੀ ਹੋ ਗਏ ਹਨ ਜਿਹਨਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਪੀੜਤਾਂ ਵਿੱਚ ਇੱਕ ਆਦਮੀ ਦਾ ਹੱਥ ਵੀ ਵੱਡਿਆ ਗਿਆ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਮਵਾਰ ਰਾਤ 10:30 ਵਜੇ ਦੇ ਕਰੀਬ ਡਾਅ ਰੋਡ ਸਥਿੱਤ ਘਟਨਾ ਸਥਲ ‘ਤੇ ਬੁਲਾਇਆ ਗਿਆ ਸੀ। ਜਿੱਥੇ ਪੁਲੀਸ ਨੇ ਇਕ 36 ਸਾਲਾਂ ਨੌਜਵਾਨ ਦਾ ਮੁੰਢਲੀ ਸਹਾਇਤਾ ਨਾਲ ਇਲਾਜ ਕੀਤਾ ਜਦੋਂ ਉਹ ਪੈਰਾ ਮੈਡੀਕਲ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਉਸ ਦੇ ਹੱਥ, ਗਰਦਨ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਪੁਲੀਸ ਦਾ ਕਹਿਣਾ ਹੈ ਕਿ ਉਹਨਾਂ ਖੋਜੀ ਕੁੱਤਿਆਂ ਦੀ ਮਦਦ ਨਾਲ ਤਕਰੀਬਨ 22 ਤੋਂ 38 ਸਾਲ ਦੀ ਉਮਰ ਦੇ ਸੱਤ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜੋ ਘਟਨਾ ਸਥਲ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਫ਼ਿਲਹਾਲ ਸਾਰੇ ਆਦਮੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ। ਇਸ ਇਲਾਕੇ ਦੇ ਇਕ ਸਥਾਨਕ ਨਿਵਾਸੀ ਕਰੈਗ ਮੇਰਵੁੱਡ ਨੇ ਮੀਡੀਆ ਨੂੰ ਦੱਸਿਆ, “ਉਹ ਇੱਥੇ ਇੱਕ ਦੂਜੇ ਨੂੰ ਮਾਰਨ ਲਈ ਆਏ ਸਨ।” ਪੁਲੀਸ ਪ੍ਰਸ਼ਾਸਨ ਦੀ ਸਥਾਨਕ ਲੋਕਾਂ ਨੂੰ ਅਪੀਲ ਹੈ ਕਿ ਝਗੜੇ ਬਾਰੇ ਜਾਣਕਾਰੀ ਵਾਲਾ ਕੋਈ ਵੀ, ਜਾਂ ਜੋ ਸ਼ਾਮਲ ਲੋਕਾਂ ਦੀ ਪਛਾਣ ਕਰ ਸਕਦਾ ਹੈ, ਅੱਗੇ ਆਉਣ ਅਤੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ। ਦੱਸਣਯੋਗ ਹੈ ਕਿ ਇਸ ਲੜਾਈ ‘ਚ ਭਾਰਤੀਆਂ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਭਾਈਚਾਰੇ ਵਿੱਚ ਭੈਅ ਅਤੇ ਸ਼ਰਮਿੰਦਗੀ ਦੀ ਮਾਹੌਲ ਹੈ।