8.9 C
United Kingdom
Saturday, April 19, 2025

More

    ਮੈਡੀਕਲ ਨਸ਼ਿਆਂ ਦੇ ਸਮਗਲਰਾਂ ਤੋਂ ਫੜ੍ਹੀਆਂ ਡੇਢ ਲੱਖ ਨਸ਼ੀਲੀਆਂ ਗੋਲੀਆਂ

    ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਮੈਡੀਕਲ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਇੱਕ ਚੇਨ ਨੂੰ ਅੱਗੇ ਤੋਰਦਿਆਂ ਇੱਕ ਔਰਤ ਸਮੇਤ 4 ਜਣਿਆਂ ਨੂੰ ਕਾਬੂ ਕਰਕੇ ਡੇਢ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਤੱਕ ਇਸ ਮੁਕੱਦਮੇ ’ਚ 1 ਲੱਖ 51 ਹਜਾਰ 450 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਚੁੱਕੀ ਹੈ ਜਦੋਂਕਿ ਪੁਲਿਸ ਦੀ ਜਾਂਚ ਟੀਮ ਨੇ ਦੋ ਕਾਰਾਂ, ਇੱਕ ਮੋਟਰਸਾਈਕਲ, 18 ਹਜਾਰ 300 ਰੁਪਏ ਡਰੱਗ ਮਨੀ ਅਤੇ ਤਿੰਨ ਮੋਬਾਇਲ  ਵੀ ਕਬਜੇ ’ਚ ਲਏ ਹਨ। ਮੰਨਿਆ ਜਾ ਰਿਹਾ ਹੈ ਕਿ ਕਾਰ ਸਮੇਤ ਬਾਕੀ ਵਸਤਾਂ ਨੂੰ ਨਸ਼ਾ ਤਸਕਰਾਂ ਵੱਲੋਂ ਤਸਕਰੀ ਦੇ ਧੰਦੇ ਲਈ ਵਰਤਿਆ ਜਾਂਦਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਪੁੱਤਰ ਗੁਰਦੇਵ ਸਿੰਘ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ,ਰਾਜੇਸ਼ ਵਰਮਾ ਪੁੱਤਰ ਰਜਿੰਦਰ ਨਾਥ ਵਾਸੀ ਪਾਵਰ ਹਾਊਸ ਰੋਡ ਬਠਿੰਡਾ, ਰਤਨ ਕੁਮਾਰ ਉਰਫ ਡਾਕਟਰ ਰਤਨ ਗਰਗ ਅਤੇ ਗੀਤਾ ਰਾਓ ਪਤਨੀ ਕਪਿਲ ਰਾਓ ਵਾਸੀ ਕਾਲਕਾ ਦੇ ਤੌਰ ਤੇ ਕੀਤੀ ਗਈ ਹੈ। ਇਸ ਮਾਮਲੇ ਦਾ ਜਿਕਰਯੋਗ ਪਹਿਲੂ ਹੈ ਕਿ ਥਾਣਾ ਥਰਮਲ ਪੁਲਿਸ ਨੇ ਮਨਦੀਪ ਸਿੰਘ ਕੋਲੋਂ ਬਰਾਦ ਗੋਲੀਆਂ ਦੇ ਅਧਾਰ ਤੇ ਪੁੱਛ ਪੜਤਾਲ ਨੂੰ ਅਜਿਹੇ ਢੰਗ ਨਾਲ ਅੱਗੇ ਤੋਰਿਆ ਕਿ ਤਸਕਰ ਪੁਲਿਸ ਦੇ ਜਾਲ ’ਚ ਫਸਦੇ ਚਲੇ ਗਏ। ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਪੁਲਿਸ ਦੀ ਇਸ ਸਾਲ ਦੀ ਸਭ ਤੋਂ ਵੱਡੀ ਕਾਮਯਾਬੀ ਦੱਸਿਆ ਅਤੇ ਤਸਕਰੀ ਦੇ ਇਸ ਵੱਡੇ ਗੋਰਖਧੰਦੇ ਨੂੰ ਬੇਨਕਾਬ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ। ਆਈਜੀ ਨੇ ਦੱਸਿਆ ਕਿ ਅਸਲ ’ਚ ਥਾਣਾ ਥਰਮਲ ਪੁਲਿਸ ਨੇ ਲੰਘੀ 27 ਅਗਸਤ ਨੂੰ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਖੇਤਾ ਸਿੰਘ ਬਸਤੀ ਨੂੰ ਗ੍ਰਿਫਤਾਰ ਕਰਕੇ ਇੱਕ ਮੋਟਰਸਾਈਕਲ ਅਤੇ 750 ਨਸ਼ੀਲੀਆਂ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਸਨ। ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਤਫਤੀਸ਼ ਨੂੰ ਅੱਗੇ ਵਧਾਇਆ ਤਾਂ  ਰਜੇਸ਼ ਵਰਮਾ ਪੁੱਤਰ ਰਜਿੰਦਰ ਨਾਥ ਵਾਸੀ ਪਾਵਰ ਹਾਊਸ ਰੋਡ ਬਠਿੰਡਾ ਇੱਕ ਸਵਿਫਟ ਕਾਰ ਅਤੇ  400 ਟਰਾਮਾਡੋਲ ਗੋਲੀਆਂ ਸਮੇਤ ਪੁਲਿਸ ਦੇ ਕਾਬੂ ਆ ਗਿਆ। ਇਸੇ ਦੌਰਾਨ ਦੋ ਵਿਅਕਤੀਆਂ ਨੂੰ ਮੈਡੀਕਲ ਨਸ਼ਿਆਂ ਸਮੇਤ ਗ੍ਰਿਫਤਾਰ ਕਰਨ ਤੋਂ ਹੌਂਸਲੇ ’ਚ ਆਈ ਥਾਣਾ ਥਰਮਲ ਪੁਲਿਸ ਨੇ  ਕਾਰਵਾਈ ਨੂੰ ਅੱਗੇ ਵਧਾਉਂਦਿਆਂ 31 ਅਗਸਤ ਨੂੰ ਰਤਨ ਕੁਮਾਰ ਉਰਫ ਡਾਕਟਰ ਰਤਨ ਗਰਗ ਪੁੱਤਰ ਪਵਨ ਕੁਮਾਰ ਵਾਸੀ ਗੁਰੂ ਕੀ ਨਗਰੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਰਤਨ ਕੁਮਾਰ ਕੋਲੋਂ 48 ਸੌ ਗੋਲੀਆਂ ਟਰਾਮਾਡੋਲ ਅਤੇ ਨਸ਼ੇ ਦੀਆਂਦੋ ਵੱਖ ਵੱਖ ਮਾਰਕਿਆਂ ਵਾਲੀਆਂ 10 ਹਜਾਰ 500 ਗੋਲੀਆਂ ਤੋਂ ਇਲਾਵਾ ਇੱਕ ਮੋਬਾਇਲ ਫੋਨ ਬਰਾਮਦ ਕਰ ਲਿਆ। ਆਈ ਜੀ ਨੇ ਦੱਸਿਆ ਕਿ ਪੜਤਾਲ ਦੌਰਾਨ ਹੀ ਪੁਲਿਸ ਨੇ ਗੀਤਾ ਰਾਓ ਅਤੇ ਧਰਮਿੰਦਰ  ਵਾਸੀ ਹਰੀਦੁਆਰ ਨੂੰ ਨਾਮਜਦ ਕਰ ਲਿਆ ਅਤੇ ਗੀਤਾ ਰਾਓ ਪਤਨੀ ਕਪਿਲ ਰਾਓ ਵਾਸੀ ਕਾਲਕਾ ਨੂੰ ਮਨੀਮਾਜਾਰਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਗੀਤਾ ਰਾਓ  ਦੀ ਨਿਸ਼ਾਨਦੇਹੀ ਤਹਿਤ  1 ਲੱਖ ਟਰਾਮਾਡੋਲ ਨਸ਼ੀਲੀਆਂ ਗੋਲੀਆਂ,ਇੱਕ ਕਾਰ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਆਈ ਜੀ ਨੇ ਦੱਸਿਆ ਕਿ ਪੁੱਛ ਪੜਤਾਲ ਤੋਂ ਬਾਅਦ ਇਸੇ ਮੁਕੱਦਮੇ ’ਚ ਰਾਜਵੀਰ ਉਰਫ ਵੀਰ ਕੇਅਰ ਆਫ ਜੈਂਟ ਫਾਰਮਾ ਨੂੰ ਨਾਮਜਦ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਰਾਜਵੀਰ ਦਾ ਖੁਰਾ ਖੋਜ਼ ਤਲਾਸ਼ਣ ’ਚ ਜੁਟੀ ਹੋਈ ਹੈ ਜਿਸ ਦੀ ਗ੍ਰਿਫਤਾਰੀ ਮਗਰੋਂ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨਸ਼ੀਲੀਆਂ ਗੋਲੀਆਂ ਵੇਚਣ ਵਾਲਿਆਂ ਦੇ ਸੰਪਰਕ ਸੂਤਰਾਂ,ਗਾਹਕਾਂ ਤੇ ਮਾਲ ਸਪਲਾਈ ਕਰਨ ਵਾਲਿਆਂ ਦੀ ਵੀ ਪੈੜ ਨੱਪੇਗੀ ਤਾਂ ਜੋ ਇਸ ਗਿਰੋਹ ਨੂੰ ਖਤਮ ਕੀਤਾ ਜਾ ਸਕੇ। ਆਈਜੀ ਨੇ ਦੱਸਿਆ ਕਿ ਪੁਲਿਸ ਦਾ ਨਿਸ਼ਾਨਾ ਡਰੱਗ ਤਸਕਰਾਂ ਦੇ ਨੈਟਵਰਕ ਨੂੰ ਖਤਮ ਕਰਨਾ ਹੈ ਜਿਸ ਤਹਿਤ ਹੁਣ ਤੱਕ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!