4.6 C
United Kingdom
Sunday, April 20, 2025

More

    ਕਰਮਵਾਦੀ ਤੇ ਲਗਨਸ਼ੀਲ ‘ਸਟੇਟ ਅਵਾਰਡੀ’ ਅਧਿਆਪਕਾ : ਗੁਰਵਿੰਦਰ ਕੌਰ

    ਕਰਮਵਾਦੀ ਹੋ ਕੇ ਲਗਨ ਨਾਲ ਜਦੋਂ ਕੋਈ ਇਨਸਾਨ ਆਪਣੇ ਕਾਰਜਾਂ ਨੂੰ ਨੇਪਰੇ ਚੜ੍ਹਦਾ ਹੋਇਆ ਕਰਮ – ਖੇਤਰ ਵਿੱਚ ਅੱਗੇ ਵੱਧਦਾ ਹੈ ਤਾਂ ਕਿਸਮਤ ਤੇ ਕਾਇਨਾਤ ਦੋਵੇਂ ਉਸ ਦਾ ਸਾਥ ਦਿੰਦੇ ਹਨ। ਸਭ ਆਲ਼ਾ  – ਦੁਆਲ਼ਾ , ਸਮੁਦਾਇ , ਸਟਾਫ ਤੇ ਹਮ – ਰੁਤਬਾ ਉਸ ਦਾ ਅਨੁਸਰਣ ਕਰਕੇ ਅਨੁਕੂਲ ਹੁੰਦੇ ਹੋਏ ਪ੍ਰਤੀਕਿਰਿਆ ਕਰਦੇ ਹਨ। ਅਜਿਹੀ ਸਖਸ਼ੀਅਤ ਜਿੱਥੇ ਆਪਣੀ ਪਹਿਚਾਣ ਵਿੱਚ ਨਿਖਾਰ ਲਿਆਉਂਦੀ ਹੈ , ਉੱਥੇ ਹੀ ਕਰਮਵਾਦੀ – ਸਿਧਾਂਤਾਂ ਸਦਕਾ ਸਮਾਜ , ਕਾਰਜ ਖੇਤਰ ਤੇ ਦੁਨੀਆਂ ਵਿੱਚ ਵੀ ਇੱਕ ਵਿਸ਼ੇਸ਼ – ਪਹਿਚਾਣ ਬਣਾ ਕੇ ਦੂਸਰਿਆਂ ਲਈ ਵੀ ਰਾਹ – ਦਸੇਰਾ ਬਣ ਜਾਂਦੀ ਹੈ। ਅਜਿਹੀ ਹੀ ਮਹਾਨ ਸ਼ਖ਼ਸੀਅਤ ਦੀ ਧਾਰਨੀ ਹੈ : ਮੈਡਮ ਗੁਰਵਿੰਦਰ ਕੌਰ ‘ਸਟੇਟ ਅਵਾਰਡੀ’। ਮੈਡਮ ਗੁਰਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਸਤਫਾਪੁਰ , ਜ਼ਿਲ੍ਹਾ – ਜਲੰਧਰ ਵਿਖੇ ਈ.ਟੀ.ਟੀ. ਅਧਿਆਪਕਾ ਦੇ ਅਹੁਦੇ ‘ਤੇ ਕਾਰਜਰਤ ਹਨ। ” ਮੈਡਮ ਗੁਰਵਿੰਦਰ ਕੌਰ ”  ਇਹ ਨਾਂ ਮਸਤਕ – ਪਟਲ ‘ਤੇ ਆਉਂਦੇ ਸਾਰ ਹੀ ਕਰਮਸ਼ੀਲ ,ਮਿਹਨਤੀ , ਸਮਰਪਿਤ , ਲਗਨਸ਼ੀਲ ਤੇ ਤਿਆਗ ਦੀ ਮੂਰਤ ਦੀ ਝਲਕ ਸਾਹਮਣੇ ਆ ਜਾਂਦੀ ਹੈ। ਮੈਡਮ ਗੁਰਵਿੰਦਰ ਕੌਰ ਜੀ ਬਹੁਤ ਹੀ ਮਿੱਠ – ਬੋਲੜੇ , ਆਸਤਿਕ ਪ੍ਰਵਿਰਤੀ ਦੇ ਧਾਰਨੀ ਤੇ ਸੇਵਾ ਭਾਵਨਾ ਵਾਲੇ ਪਰਉਪਕਾਰੀ ਇਨਸਾਨ ਹਨ। ਉਨ੍ਹਾਂ ਦੀ ਸੋਚ ਅਤੇ ਮਹਾਨ – ਕਰਮ ਹਰ ਕਿਸੇ ਨੂੰ ਨਵੀਂ ਸੋਚ ਅਤੇ ਨਵੀਂ ਦਿਸ਼ਾ ਦੇ ਕੇ ਪ੍ਰਭਾਵਿਤ ਕਰਦੇ ਹਨ।ਵਿੱਦਿਆ ਦੇ ਖੇਤਰ ਵਿੱਚ ਪਾਏ ਭਰਪੂਰ ਯੋਗਦਾਨ ਸਦਕਾ ਆਪ ਜੀ ਨੂੰ 5 ਸਤੰਬਰ 2021 ਨੂੰ  ‘ਅਧਿਆਪਕ ਦਿਵਸ’ ਦੇ ਪਾਵਨ ਦਿਹਾਡ਼ੇ ‘ਤੇ ਪੰਜਾਬ ਸਰਕਾਰ ਨੇ “ਅਧਿਆਪਕ ਰਾਜ ਪੁਰਸਕਾਰ” ਨਾਲ ਨਿਵਾਜ਼ਿਆ। ਮੈਡਮ ਗੁਰਵਿੰਦਰ ਕੌਰ ਜੀ ਨੇ ਆਪਣੇ ਸਕੂਲ , ਸਟਾਫ , ਪਰਿਵਾਰ ਤੇ ਸਮੁਦਾਇ ਦੇ ਸਹਿਯੋਗ ਸਦਕਾ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਕੀਤਾ , ਸਕੂਲ ਨੂੰ ਸੁੰਦਰ ਬਣਾਇਆ ਤੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਵੀ ਕੀਤੇ।ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅਨੇਕਾਂ ਸੰਸਥਾਵਾਂ ਨੇ ਸਮੇਂ – ਸਮੇਂ ‘ਤੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਨ੍ਹਾਂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਅਨੇਕਾਂ ਖੇਤਰਾਂ ਵਿੱਚ ਮੱਲਾਂ ਮਾਰੀਆਂ ਤੇ ਨਾਮਣਾ ਖੱਟਿਆ। ਮੈਡਮ ਗੁਰਵਿੰਦਰ ਕੌਰ ਜੀ ਦੇ ਜੀਵਨ ਸਾਥੀ ਸਰਦਾਰ ਬਲਜੀਤ ਸਿੰਘ ਜੀ ਨੇ ਆਪਣੇ ਦਸਵੰਧ ਵਿੱਚੋਂ ਡੇਢ ਲੱਖ ਰੁਪਏ ਤੋਂ ਜ਼ਿਆਦਾ ਪੈਸਾ ਇਹਨਾਂ ਦੇ ਸਰਕਾਰੀ ਸਕੂਲ ‘ਤੇ ਖ਼ਰਚਿਆ। ਸਰਦਾਰ ਮਨਜੀਤ ਸਿੰਘ ਨਿੱਕਾ ਜੀ ਪਾਸੋਂ ਇੱਕ ਲੱਖ ਦੇ ਕਰੀਬ ਰਕਮ ਪ੍ਰਾਪਤ ਕਰਕੇ ਆਪਣੇ ਸਕੂਲ ‘ਤੇ ਭਲਾਈ ਲਈ ਲਗਾਈ ਅਤੇ ਐਨ. ਆਰ. ਆਈਜ਼ ਪਾਸੋਂ ਚਾਰ ਲੱਖ ਰੁਪਏ ਦੇ ਕਰੀਬ ਰਕਮ ਸਕੂਲ ਲਈ ਪ੍ਰਾਪਤ ਕਰਕੇ ਸਕੂਲ ਦੀ ਦਿੱਖ ਨੂੰ ਸੁੰਦਰ , ਹੋਰ ਵਧੀਆ ਤੇ ਉਸਾਰੂ ਬਣਾਇਆ। ਪਿੰਡ ਦੀ ਗ੍ਰਾਮ ਪੰਚਾਇਤ ਪਾਸੋਂ ਵੀ ਸਕੂਲ ਲਈ ਭਰਪੂਰ ਸਹਿਯੋਗ ਹਾਸਿਲ ਕਰਕੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਂਦਾ। ਇਹ ਦੱਸਣਯੋਗ ਹੈ ਕਿ ਮੈਡਮ ਗੁਰਵਿੰਦਰ ਕੌਰ ਜੀ ਦਾ ਜਨਮ ਜੰਮੂ ਵਿਖੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਰਜਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਹਾਸਲ ਕੀਤੀ ਤੇ ਉਚੇਰੀ – ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਸਕੂਲ ਪ੍ਰਤੀ ਨਿਭਾਈਆਂ ਵਧੀਆ ਸੇਵਾਵਾਂ ਲਈ ਇਨ੍ਹਾਂ ਨੂੰ ਸਮੇਂ – ਸਮੇਂ ‘ਤੇ ਸਿੱਖਿਆ ਅਧਿਕਾਰੀਆਂ ਵੱਲੋਂ ਵੀ ਪ੍ਰਸ਼ੰਸਾ – ਪੱਤਰ ਪ੍ਰਾਪਤ ਹੋਏ। ਜਿੱਥੇ ਮੈਡਮ ਗੁਰਵਿੰਦਰ ਕੌਰ ਜੀ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਕੂਲ ਨੂੰ ਉਚਾਈਆਂ ‘ਤੇ ਪਹੁੰਚਾਇਆ , ਉੱਥੇ ਹੀ ਸਕੂਲ ਇੰਚਾਰਜ ਮੈਡਮ ਪਲਵਿੰਦਰ ਕੌਰ ਜੀ ਨੇ ਵੀ ਹਰ ਕੰਮ ਵਿੱਚ ਦਿਲੋਂ ਉਨ੍ਹਾਂ ਦਾ ਪੂਰਾ ਸਾਥ ਤੇ ਸਹਿਯੋਗ ਦਿੱਤਾ। ਆਪਣੀਆਂ ਪ੍ਰਾਪਤੀਆਂ ਲਈ ਗੁਰਵਿੰਦਰ ਕੌਰ ਜੀ ਸ੍ਰੀ ਰਮੇਸ਼ ਕੁਮਾਰ ਜੀ ਤੇ ਸੰਜੀਵ ਜੋਸ਼ੀ ਜੀ ਦਾ ਵੀ ਧੰਨਵਾਦ ਕਰਦੇ ਹਨ।ਪਰਮਾਤਮਾ ਕਰੇ ! ਮੈਡਮ ਗੁਰਵਿੰਦਰ ਕੌਰ ਜੀ ਆਪਣੇ ਜੀਵਨ ਵਿੱਚ ਹਮੇਸ਼ਾ ਸ਼ੋਹਰਤ ਦੀਆਂ ਬੁਲੰਦੀਆਂ ਛੂੰਹਦੇ ਰਹਿਣ ਤੇ ਸਕੂਲ ਭਲਾਈ ਦੇ ਕਾਰਜ ਕਰਦੇ ਰਹਿਣ। ਉਨ੍ਹਾਂ ਲਈ ਦੋ ਸ਼ਬਦ :  ” ਪਾਤੇ ਹੈਂ ਮੁਕਾਮ ਵੋ ਹਰ ਕਦਮ ਪਰ ,  ਬੜ੍ਹਤੇ ਹੈਂ ਜੋ ਆਗੇ ਇਨਸਾਨੀਅਤ ਕੇ ਦਮ ਪਰ , ਰੋਨਾ ਨਾ ਕਭੀ ਹਿੰਮਤ ਕੋ ਹਾਰ ਕੇ ,  ਪਤਝੜ ਕੇ ਬਾਦ ਹੀ ਆਤੇ ਹੈਂ ਦਿਨ ਬਹਾਰ ਕੇ।”  

    ਲੇਖਕ ਮਾਸਟਰ ਸੰਜੀਵ ਧਰਮਾਣੀ. 

    ਸ੍ਰੀ ਅਨੰਦਪੁਰ ਸਾਹਿਬ.   

    9478561356   

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!