
ਜਰਨੈਲ ਘੁਮਾਣ
ਸਮਝ ਓ ਬੰਦਿਆ !
ਕੁਦਰਤ ਕੁੱਝ
ਸਮਝਾਉਣਾ ਚਾਹੁੰਦੀ ਐ ।
ਸਮਝਦਾਰ ਲਈ ਹੁੰਦੈ, ਇੱਕ ਇਸ਼ਾਰਾ ਹੀ ਕਾਫ਼ੀ ।
ਬਖ਼ਸਾਵਣ ਲਈ ਭੁੱਲਾਂ, ਉਸ ਤੋਂ ਮੰਗ ਲਈਏ ਮੁਆਫ਼ੀ ।
ਇਨਸਾਨਾ ਤੋਂ ਅੱਕੀ, ਰੰਗ ਵਿਖਾਉਣਾ ਚਾਹੁੰਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਅੱਤ ਨਾਲ ਹੈ ਵੈਰ, ਖ਼ੁਦਾ ਦਾ, ਸਿਆਣੇ ਕਹਿੰਦੇ ਨੇ ।
ਕਿਹੜੀ ਅੱਤ ਨਹੀਂ ਚੁੱਕੀ ਬੰਦਿਆ, ਧਰਤ ‘ਤੇ ਰਹਿੰਦੇ ਨੇ ।
ਵੇਖ ਕੇ ਕੀਤੇ ਕਾਰੇ, ਰੱਬ ਦੀ ਰੂਹ ਕੁਰਲਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਜੀਵ ਜੰਤੂਆਂ, ਪਸ਼ੂ ਪੰਛੀਆਂ, ਮਾਰੀ ਧਾਹ ਹੋਣੀ ।
ਸਭ ਨੂੰ ਭੁੰਨ ਭੁੰਨ ਖਾ ਗਿਓਂ, ਜਿਸ ‘ਤੇ ਗਈ ਨਿਗਾਹ ਹੋਣੀ ।
ਮਾਸਾਹਾਰੀ ਬਣਿਆ, ਰੋਟੀ ਹਜ਼ਮ ਨਾ ਆਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਕਮੀਨਪੁਣੇ ਦੀਆਂ ਟੱਪਿਆ ਹੱਦਾਂ, ਹਵਸ ਮਿਟਾਉਣ ਲਈ।
ਪੰਜ ਸੱਤ ਸਾਲਾ ਬੱਚੀਆਂ ਚੁਣੀਆਂ, ਰੇਤ ਰੁਲਾਉਣ ਲਈ ।
ਤੱਕ ਬੇਸ਼ਰਮਾਂ ਬੱਚੀ, ਕਿੰਝ ਵਾਸਤੇ ਪਾਉਂਦੀ ਐ ।
ਸਮਝ ਓ ਬੰਦਿਆ
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਚਿੱਟੇ ਤੋਂ ਹੁਣ ਪਾਣੀ ਬਣ ਗਈ, ਤਨ ਦੀ ਰੱਤ ਤੇਰੀ ।
ਲਾਲਚ ਦੇ ਵਸ ਪੈ ਕੇ, ਮੁਰਦਾ ਹੋ ਗਈ ਮੱਤ ਤੇਰੀ ।
ਹਾਏ ਪੈਸਾ-ਹਾਏ ਪੈਸਾ, ਪੈਸਾ ਪੈਸਾ ਗਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਹੱਕ ਬੇਗ਼ਾਨੇ ਖਾ ਖਾ , ਬਣਕੇ ਬਹਿ ਗਿਆ ਨਾਬਰ ਤੂੰ ।
ਜਿੱਤ ਕੇ ਸਾਰੀ ਦੁਨੀਆਂ, ਬਣਨ ਨੂੰ ਫਿਰਦੈਂ ਬਾਬਰ ਤੂੰ ।
ਦੌਲਤ ਸ਼ੋਹਰਤ ਸਿਰ ਚੜ੍ਹ, ਤੈਨੂੰ ਨਾਚ ਨਚਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਤੂੰ ਕਾਦਰ ਦੀ ਕੁਦਰਤ ਦਾ ਹੈ, ਰੱਜ ਕੇ ਨਾਸ਼ ਕੀਤਾ ।
ਪਾਣੀ,ਹਵਾ ਨੂੰ ਕਰ ਪ੍ਰਦੂਸ਼ਿਤ, ਬੜਾ ਵਿਨਾਸ਼ ਕੀਤਾ ।
ਰੁੱਖ ਵੱਢਦਿਆਂ ਸੋਚਦਾ, ਚਿੜੀ ਆਲ੍ਹਣਾ ਪਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।
ਧਰਤੀ ਤਾਂਈਂ ਕਰਕੇ ਜਰਖ਼ਲ, ਚੰਦ ਵੱਲ ਨੂੰ ਤੁਰ ਪਿਆ ।
ਤਕਨਾਲੌਜੀ ਸਿਰ ‘ਤੇ, ਤੂੰ ਤਾਂ ਗਰਕਣ ਵੱਲ ਰੁੜ ਪਿਆ ।
ਮਾਡਰਨ ਸਭ ਤਕਨੀਕ ਜਿਹੀ, ਤੇਰੀ ਉਮਰ ਘਟਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਭਿਆਨਕ ਇੱਕ ਬਿਮਾਰੀ , ਜਿਸ ਨਾਮ ਕੋਰੋਨਾ ਹੈ ।
ਪ੍ਰਮਾਣੂ ਬੰਬ ਵੀ ਤੇਰਾ, ਖ਼ਤਰਨਾਕ ਓਨਾ ਹੈ ।
ਜੱਗ ਤਾਂਈਂ ਡਰਾਵਣ ਵਾਲਿਆ, ਤੈਨੂੰ ਖੰਘ ਡਰਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਇੱਕ ਵਾਰੀ ਸਮਝਾਤਾ ਤੈਨੂੰ, ਨਾਲ ਇਸ਼ਾਰੇ ਦੇ ।
ਰੱਬ ਦੀ ਰਜ਼ਾ ਵਿੱਚ ਰਹਿ “ਘੁਮਾਣਾ” ਤਿਆਗ ਨਜ਼ਾਰੇ ਜੇ ।
ਮਨ ਮੌਜੀ ਦੀ ਸਿਆਸਤ, ਤੇਰੀ ਸੋਚ ਘੁੰਮਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।
ਮੁੜਿਆ ਅਜੇ ਵੀ ਮੁੜਿਆ, ਪਿਆਰ ਕਰ ਕੁਦਰਤ ਤਾਂਈਂ ਤੂੰ ।
ਪੰਜ ਤੱਤਾਂ ਚੋਂ ਜਨਮਿਐਂ, ਗੱਲ ਨਾ ਦਿਲੋਂ ਭੁਲਾਈਂ ਤੂੰ ।
ਪੜ੍ਹ ਸੁਣ ਲੈ ਗੁਰਬਾਣੀ, ਇਹੋ ਰਾਹ ਵਿਖਾਉਂਦੀ ਐ ।
ਸਮਝ ਓ ਬੰਦਿਆ,
ਕੁਦਰਤ ਕੁੱਝ ਸਮਝਾਉਣਾ ਚਾਹੁੰਦੀ ਐ ।।