ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਨੇੜਲੇ ਪਿੰਡ ਕਾਲਾਝਾੜ ਟੋਲ ਪਲਾਜ਼ੇ ਤੋਂ ਵਾਪਸ ਜਾਂਦੇ ਪਿੰਡ ਰਾਜਪੁਰੇ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੁਰੇ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਜੋ ਪਿੰਡ ਦੇ ਕਿਸਾਨ ਔਰਤਾਂ ਨੂੰ ਟਰੈਕਟਰ ਟਰਾਲੀ ਰਾਹੀਂ ਕਾਲਾਝਾੜ ਟੌਲ ਪਲਾਜ਼ੇ ਵਿਖੇ ਲੱਗੇ ਮੋਰਚੇ ਵਿੱਚ ਲੈ ਕੇ ਆਇਆ ਸੀ ਅਤੇ ਟਰੈਕਟਰ ਟਰਾਲੀ ਰਾਹੀਂ ਵਾਪਸ ਪਿੰਡ ਲੈ ਕੇ ਜਾ ਰਿਹਾ ਸੀ। ਜਾਂਦਿਆਂ ਸਮੇਂ ਗੁਰਦੁਆਰੇ ਦੇ ਨੇੜੇ ਜਾ ਉਸਦੀ ਮੌਤ ਹੋ ਗਈ। ਜਥੇਬੰਦੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਸਾਨ ਬਲਵਿੰਦਰ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ। ਕਿਸਾਨ ਬਲਵਿੰਦਰ ਸਿੰਘ ਦੇ ਦੋ ਬੱਚੇ ਮੁੰਡਾ ਅਤੇ ਲਡ਼ਕੀ ਜੋ ਸ਼ਾਦੀਸ਼ੁਦਾ ਹਨ। ਜਿਸ ਕੋਲ ਲਗਪਗ 7 ਏਕੜ ਜ਼ਮੀਨ ਹੈ ਅਤੇ ਜਿਸ ਦੇ ਸਿਰ ਬੈਂਕ ਦਾ ਲਗਪਗ ਦੱਸ ਲੱਖ ਰੁਪਏ ਕਰਜ਼ਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਰਿਵਾਰ ਸਿਰ ਚੜ੍ਹਿਆ ਦੱਸ ਲੱਖ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦੱਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਪਿੰਡ ਇਕਾਈ ਪ੍ਰਧਾਨ ਹਰਦੇਵ ਸਿੰਘ, ਬਹਾਦਰ ਸਿੰਘ, ਅਜੈਬ ਸਿੰਘ, ਸਤਨਾਮ ਸਿੰਘ, ਭਗਵੰਤ ਸਿੰਘ ਅਤੇ ਨਾਜਰ ਸਿੰਘ ਨੇ ਵੀ ਜਾਣਕਾਰੀ ਦਿੱਤੀ ਸ਼ਾਮ ਨੂੰ ਲਗਭਗ ਛੇ ਵਜੇ ਕਿਸਾਨ ਦਾ ਅੰਤਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
