12 ਨੂੰ ਮੋਤੀ ਮਹਿਲ ਦਾ ਹੋਵੇਗਾ ਘਿਰਾਓ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਬੇਰੁਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਸਰਕਾਰੀ ਹਸਪਤਾਲ ਦੀ ਟੈਂਕੀ ਮਾਸਟਰ ਕਾਡਰ ਦੀਆਂ ਅਸਾਮੀਆਂ ਦੀ ਮੰਗ ਲਈ 21 ਅਗਸਤ ਨੂੰ ਚੜ੍ਹਿਆ ਮਨੀਸ਼ ਫਾਜ਼ਲਿਕਾ 22 ਵੇਂ ਦਿਨ ਭਾਰੀ ਮੀਂਹ ਦੇ ਬਾਵਜੂਦ ਵੀ ਟੈਂਕੀ ਤੇ ਡਟਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 2022 ਵਿਧਾਨ ਸਭਾ ਦੀਆਂ ਵੋਟਾਂ ਨਜ਼ਦੀਕ ਆਉਣ ਦੇ ਕਾਰਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਸ਼ਹਿਰ ਸੰਗਰੂਰ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਹੈ। ਜਿਸ ਕਾਰਨ ਮੰਤਰੀ ਸਾਹਿਬ ਹਲਕੇ ਵਿਚ ਜਿੱਥੇ ਕਿਤੇ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਬੇਰੁਜ਼ਗਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਭੱਜ ਰਹੀ ਹੈ। ਇਸ ਕਾਰਨ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਲਈ ਸੜਕਾਂ ਤੇ ਉਤਰ ਕੇ ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਬੀ ਐੱਡ ਟੈੱਟ ਪਾਸ ਯੂਨੀਅਨ ਵੱਲੋਂ 12 ਸਤੰਬਰ ਨੂੰ ਪਟਿਆਲੇ ਵਿਖੇ ਮੁੱਖ ਮੰਤਰੀ ਦੇ ਸ਼ਾਹੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੁਜ਼ਗਾਰ ਪ੍ਰਾਪਤੀ ਲਈ ਚੱਲ ਰਿਹਾ ਪੱਕਾ ਧਰਨਾ ਸਾਰੀਆਂ ਮੰਗਾਂ ਮੰਨੇ ਜਾਣ ਤਕ ਚੱਲਦਾ ਰਹੇਗਾ। ਇਸ ਮੌਕੇ ਸੁਖਬੀਰ ਕੌਰ, ਰਾਜਵੀਰ ਕੌਰ, ਕਰਮਜੀਤ ਕੌਰ, ਸੱਤਪਾਲ ਕੌਰ, ਅਵਤਾਰ ਭੁੱਲਰਹੇੜੀ, ਮਨਦੀਪ ਸਿੰਘ ਭੱਦਲਵੱਡ, ਕੁਲਦੀਪ ਸਿੰਘ ਖਡਿਆਲ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।
