ਮਾਨਸਾ (ਪੰਜ ਦਰਿਆ ਬਿਊਰੋ)

ਮਾਨਸਾ ਪੁਲਿਸ ਵੱਲੋਂ ਪਹਿਲਕਦਮੀ ਕਰਦਿਆਂ ਤੁਰਨ ਫਿਰਨ ਤੋਂ ਅਸਮਰੱਥ ਬਜ਼ੁਰਗਾਂ ਲਈ ਘਰਾਂ ਵਿੱਚ ਜਾ ਕੇ ਪੈਨਸ਼ਨ ਦੇਣ ਦੇ ਅਮਲ ਦੀ ਸ਼ੁਰੂਆਤ ਕੀਤੀ ਹੈ। ਇਹ ਸ਼ੁਰੂਆਤ ਮਾਨਸਾ ਨੇੜਲੇ ਪਿੰਡ ਤਾਮਕੋਟ ਵਿਖੇ ਐਸਐਸਪੀ ਡਾ.ਨਰਿੰਦਰ ਭਾਰਗਵ ਦੀ ਅਗਵਾਈ ਹੇਠ ਡੀਐਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਕੀਤੀ ਗਈ, ਜਿੰਨਾਂ ਪਿੰਡ ਤਾਮਕੋਟ ਦੇ ਸਮਸ਼ਾਨਘਾਟ ਵਿੱਚ ਰਹਿੰਦੇ 87 ਸਾਲਾਂ ਬੇਸਹਾਰਾ ਤੇ ਚੱਲਣ ਫਿਰਨ ਤੋਂ ਅਸਮੱਰਥ ਹਨੀਫ ਖਾਨ ਨਾਮ ਦੇ ਵਿਅਕਤੀ ਨੂੰ ਉਸਦੇ ਘਰ ਵਿਖੇ ਪਹੁੰਚਕੇ ਪੈਨਸ਼ਨ ਦਿੱਤੀ ਗਈ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਬੈਂਕ ਕਾਰੋਬਾਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ, ਜਿਸ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬੈਂਕਾਂ ਦੇ ਬਾਹਰ ਇਸ ਗਰਮੀ ਦੇ ਮੌਸਮ ਦੌਰਾਨ ਬਜ਼ੁਰਗ ਅਤੇ ਹੋਰ ਪੈਨਸ਼ਨ-ਧਾਰਕ ਵੱਡੀ ਗਿਣਤੀ ਵਿੱਚ ਬੈਂਕਾਂ ਦੇ ਬਾਹਰ ਇਕੱਠ ਦੇ ਰੂਪ ਵਿੱਚ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ-ਕਈ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਪੁਲੀਸ ਨੂੰ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ।
ਉਨ੍ਹਾਂ ਕਿਹਾ ਕਿ ਵਿਲੇਜ ਪੁਲੀਸ ਅਫਸਰ (ਵੀ.ਪੀ.ਓ.) ਅਤੇ ਪਿੰਡ/ਵਾਰਡ ਕਮੇਟੀਆਂ ਵੱਲੋਂ ਵੀ ਸੂਚਨਾ ਆ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ, ਵਾਰਡਾਂ ਦੇ ਵੱਡੀ ਗਿਣਤੀ ਲੋਕ ਪੈਨਸ਼ਨਾਂ ਲੈਣ ਲਈ ਪਿੰਡਾਂ ਸ਼ਹਿਰਾਂ ਅੰਦਰ ਆ ਜਾ ਰਹੇ ਹਨ, ਜਿਸ ਕਾਰਨ ਮੁਕੰਮਲ ਕਰਫਿਊ ਨੂੰ ਕਾਮਯਾਬ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਕਰਨ ਲਈ ਮਾਨਸਾ ਪੁਲੀਸ ਵੱਲੋਂ ਵਿਲੇਜ ਪੁਲੀਸ ਅਫ਼ਸਰ ਅਤੇ ਸਬੰਧਤ ਵਾਰਡਾਂ, ਪਿੰਡਾਂ ਵਿਚਲਆਂ ਜਿਹੜੀਆਂ ਬੈਂਕ ਸ਼ਾਖਾਵਾਂ ਦੀ ਪੈਨਸ਼ਨ ਵੰਡਣ ਲਈ ਅਲਾਟਮੈਂਟ ਹੋਈ ਹੈ, ਉਹਨਾਂ ਬੈਂਕਾਂ ਦੇ ਬਿਜਨਸ ਕਾਰਸਪੋਡੈਂਟ ਅਤੇ ਬੈਂਕ ਸਟਾਫ ਰਾਹੀਂ, ਬਾਇਓਮੈਟ੍ਰਿਕ ਮਸ਼ੀਨਾਂ ਰਾਹੀ ਪੈਨਸ਼ਨਾਂ ਨੂੰ ਪੈਨਸ਼ਨ-ਧਾਰਕਾਂ ਦੇ ਘਰ-ਘਰ ਦੇਕੇ ਆਉਣ ਜਾਂ ਪਿੰਡ ਵਿੱਚ, ਵਾਰਡ ਵਿੱਚ ਅਜਿਹੀ ਥਾਂ ਜਿੱਥੇ ਛਾਂ ਅਤੇ ਸਾਫ-ਸਫਾਈ ਦਾ ਪ੍ਰਬੰਧ ਉਚਿਤ ਹੋਵੇ, ਉਸ ਥਾਂ ‘ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨ ਪਹੁੰਚਾਉਣ ਦਾ ਫੈਸਲਾ ਮਾਨਸਾ ਪੁਲੀਸ ਵੱਲੋਂ ਲਿਆ ਗਿਆ ਹੈ।