ਬਠਿੰਡਾ (ਅਸ਼ੋਕ ਵਰਮਾ) ਸ਼ਹਿਰ ਗੋਨਿਆਣਾ ਅਤੇ ਨੇੜਲੇ ਇਲਾਕੇ ਵਿੱਚ ਸਮਾਜਸੇਵੀ ਕਾਰਜਾਂ ਲਈ ਅਗਾਂਹਵਧੂ ਭੂਮਿਕਾ ਨਿਭਾ ਰਹੇ ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ ਡਿਸਟਿ੍ਰਕ 3090 ਨੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਬੱਚਿਆਂ ਦੀਆਂ ਵਿੱਦਿਅਕ ਸਹੂਲਤਾਂ ਵਿੱਚ ਵਾਧਾ ਕਰਨ ਲਈ ਸਕੂਲ ਨੂੰ ਡੇਢ ਟਨ ਦਾ ਏ.ਸੀ. ਭੇਂਟ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਮੁੱਚੇ ਸਕੂਲ ਨੂੰ ਏ ਸੀ ਬਨਾਉਣ ਵੱਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਹਿਲੀ ਵੱਡੀ ਪੁਲਾਂਘ ਹੈ। ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਬਿੰਟਾ, ਬਲਵਿੰਦਰ ਧੀਂਗੜਾ ਪ੍ਰੋਜੈਕਟ ਚੇਅਰਮੈਨ, ਪਰਮਜੀਤ ਗਰੋਵਰ ਕੈਸ਼ੀਅਰ ਅਤੇ ਹਰਵਿੰਦਰ ਗਰੇਵਾਲ ਸਕੂਲ ’ਚ ਪੁੱਜੇ ਅਤੇ ਏ ਸੀ ਨੂੰ ਸਟਾਫ ਹਵਾਲੇ ਕੀਤਾ। ਕਲੱਬ ਪਬੰਧਕਾਂ ਦੀ ਇਸ ਪਹਿਲਕਦਮੀ ਨੂੰ ਲੈਕੇ ਪਹਿਲਾਂ ਤੋਂ ਹੀ ਸਕੂਲ ਨੂੰ ਦਿਨ ਬਦਿਨ ਤਰੱਕੀ ਵੱਲ ਲਿਜਾ ਰਹੇ ਅਧਿਆਪਕਾਂ ਨੇ ਸਕੂਲ ਨੂੰ ਮਿਆਰੀ ਸਿੱਖਿਆ ਦੇ ਪੱਖ ਤੋਂ ਹੋਰ ਵੀ ਅੱਗੇ ਲਿਜਾਣ ਦਾ ਆਪਣਾ ਅਹਿਦ ਦੁਰਹਾਇਆ। ਕਲੱਬ ਪ੍ਰਬੰਧਕਾਂ ਨੇ ਸਕੂਲ ਲਈ ਲੋੜੀਂਦੀਆਂ ਹੋਰਨਾਂ ਵਸਤਾਂ ਸਬੰਧੀ ਜਰੂਰਤਾਂ ਵੀ ਪਹਿਲ ਦੇ ਆਧਾਰ ਤੇ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਸਕੂਲ ਵਿੱਚ ਵਿੱਦਿਅਕ ਮੋਰਚੇ ਤੇ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਕਲੱਬ ਵੱਲੋਂ ਸਨਮਾਨਿਤ ਕਰਨ ਬਾਰੇ ਕਿਹਾ। ਸਕੂਲ ਸਟਾਫ ਵੱਲੋਂ ਤਨਦੇਹੀ ਨਾਲ ਨਿਭਾਈ ਜਾਂਦੀ ਡਿਊਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਲੱਬ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਸਕੂਲ ਅਧਿਆਪਕ ਰਾਜਿੰਦਰ ਸਿੰਘ ਨੇ ਰੋਟਰੀ ਕਲੱਬ ਨੂੰ ਕੁੱਝ ਦਿਨ ਲਿਖਤੀ ਪੱਤਰ ਰਾਹੀਂ ਸਕੂਲ ਨੂੰ ਮੁਕੰਮਲ ਰੂਪ ’ਚ ਏ.ਸੀ. ਬਨਾਉਣ ਵਿੱਚ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦੇਖਦਿਆਂ ਕਲੱਬ ਵੱਲੋ ਸਕੂਲ ਦੀ ਇਹ ਮੰਗ ਤੁਰੰਤ ਪਹਿਲ ਦੇ ਆਧਾਰ ਤੇ ਪੂਰੀ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਨੂੰ ਏ ਸੀ ’ਚ ਤਬਦੀਲ ਕਰਨ ਦੇ ਮੰਤਵ ਨਾਲ
ਕਰੀਬ 35000 ਰੁਪਏ ਕੀਮਤ ਦਾ ਡੇਢ ਟਨ ਦਾ ਏ.ਸੀ. ਸਕੂਲ ਨੂੰ ਸੌਂਪ ਦਿੱਤਾ ਹੈ।
ਇਸੇ ਦੌਰਾਨ ਕਲੱਬ ਆਗੂਆਂ ਨੇ ਸਕੂੁਲ ਅੰਦਰ ਬੱਚਿਆਂ ਦੀ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਲਈ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ । ਉਨ੍ਹਾਂ ਅਧਿਆਪਕ ਰਾਜਿੰਦਰ ਸਿੰਘ ਵੱਲੋਂ ਸਕੂਲ ਵਿੱਚ ਆਪਣੇ ਹੱਥੀਂ ਤਿਆਰ ਕੀਤੇ ਐਜੂਕੇਸ਼ਨਲ ਪਾਰਕ ਅਤੇ ਹਰਬਲ ਤੇ ਨਰਸਰੀ ਪਾਰਕ ਨੂੰ ਵੀ ਦੇਖਿਆ। ਉਨਾਂ ਹੈਰਾਨਾਨਗੀ ਪਗਟ ਕੀਤੀ ਕਿ ਕੁਝ ਸਮਾਂ ਪਹਿਲਾਂ ਜਦੋਂ ਕਲੱਬ ਮੈਂਬਰ ਇਸ ਸਕੂਲ ’ਚ ਆਏ ਸਨ ਤਾਂ ਉਦੋਂ ਮੁਕਾਬਲੇ ਮੌਜੂਦਾ ਸਮੇਂ ਵਿੱਚ ਕਾਫੀ ਤਬਦੀਲੀਆਂ ਆਈਆਂ ਹਨ ਜਿੰਨਾਂ ਦੀ ਬਦੌਲਤ ਸਕੂਲ ਵਿੱਚ ਸਿੱਖਿਆ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਇਸ ਮੌਕੇ ਸਕੂਲ ਮੁਖੀ ਭੁਪਿੰਦਰ ਸਿੰਘ ਅਤੇ ਅਧਿਆਪਕ ਰਾਜਿੰਦਰ ਸਿੰਘ ਨੇ ਕਲੱਬ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਦਾਨੀ ਸੱਜਣਾ ਅਤੇ ਸੰਸਥਾਵਾਂ ਦਾ ਏਦਾਂ ਹੀ ਸਹਿਯੋਗ ਰਿਹਾ ਤਾਂ ਉਹ ਪ੍ਰਾਈਵੇਟ ਸਕੂਲ ਖ਼ਾਲੀ ਕਰਨ ਦੇ ਸਮਰੱਥ ਹੋ ਜਾਣਗੇ। ਇਸ ਮੌਕੇ ਅਧਿਆਪਕ ਰਸਦੀਪ ਸਿੰਘ, ਮੈਡਮ ਸੁਮਨ ਲਤਾ, ਵਲੰਟੀਅਰ ਸੁਰੱਸਤੀ ਦੇਵੀ ਵੀ ਹਾਜ਼ਰ ਸਨ।
