ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਲਾਸ ਏਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੋ ਕਿ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈ , ਨੇ ਵੀਰਵਾਰ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਦੇ ਆਦੇਸ਼ ਨੂੰ ਪ੍ਰਵਾਨਗੀ ਦਿੱਤੀ ਹੈ। ਸਕੂਲ ਡਿਸਟ੍ਰਿਕਟ ਦੀ ਇਸ ਜਰੂਰਤ ਦੇ ਤਹਿਤ ਸਾਰੇ ਯੋਗ ਵਿਦਿਆਰਥੀਆਂ ਲਈ ਵਿਅਕਤੀਗਤ ਕਲਾਸਾਂ ਵਿੱਚ ਆਉਣ ਲਈ ਕੋਵਿਡ ਟੀਕੇ ਲਾਜ਼ਮੀ ਹੋਣਗੇ । ਇਸ ਸਕੂਲ ਡਿਸਟ੍ਰਿਕਟ ਦੇ 1,000 ਤੋਂ ਵੱਧ ਸਕੂਲਾਂ ਵਿੱਚ 600,000 ਤੋਂ ਵੱਧ ਵਿਦਿਆਰਥੀ ਹਨ। ਅਮਰੀਕਾ ਵਿੱਚ ਬੱਚਿਆਂ ਦਰਮਿਆਨ ਕੋਰੋਨਾ ਦੇ ਕੇਸ ਵੱਧ ਰਹੇ ਹਨ। ਇਸ ਲਈ ਲਾਸ ਏਂਜਲਸ ਸਕੂਲ ਡਿਸਟ੍ਰਿਕਟ ਵੱਲੋਂ ਵੈਕਸੀਨ ਜਰੂਰਤ ਦਾ ਫੈਸਲਾ ਲਿਆ ਗਿਆ ਹੈ। ਇਸ ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੇ ਅਨੁਸਾਰ, ਲਾਸ ਏਂਜਲਸ ਕਾਉਂਟੀ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 190,000 ਤੋਂ ਵੱਧ ਕੋਵਿਡ ਦੇ ਕੇਸ ਦਰਜ ਹੋਏ ਹਨ।ਅਮਰੀਕਾ ਵਿੱਚ ਕਲਵਰ ਸਿਟੀ, ਕੈਲੀਫੋਰਨੀਆ, ਅਤੇ ਹੋਬੋਕੇਨ, ਨਿਊਜਰਸੀ, ਸਕੂਲ ਡਿਸਟ੍ਰਿਕਟਜ਼ ਨੇ ਪਹਿਲਾਂ ਹੀ ਵਿਦਿਆਰਥੀਆਂ ਅਤੇ ਸਟਾਫ ਲਈ ਟੀਕੇ ਜਾਂ ਟੈਸਟਿੰਗ ਆਦੇਸ਼ ਲਾਗੂ ਕੀਤੇ ਹਨ। ਅਮਰੀਕੀ ਸਕੂਲਾਂ ਵਿੱਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਕੋਵਿਡ ਦੇ ਪ੍ਰਕੋਪ ਨੇ 1,400 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਹਨ ਜਦਕਿ ਟੈਨੇਸੀ ਵਿੱਚ ਘੱਟੋ ਘੱਟ ਅੱਠ ਪਬਲਿਕ ਸਕੂਲ ਕਰਮਚਾਰੀਆਂ ਦੀ ਕੋਰੋਨਾ ਕਾਰਨ ਮੌਤ ਵੀ ਦਰਜ ਹੋਈ ਹੈ।
