ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਪ੍ਰਸ਼ਾਸਨ ਦੁਆਰਾ ਉਨ੍ਹਾਂ ਲੋਕਾਂ ਲਈ ਜੁਰਮਾਨੇ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ ਜੋ ਕਿ ਕੋਵਿਡ -19 ਦੇ ਫੈਲਣ ਨੂੰ ਰੋਕਣ ਵਿੱਚ ਮਹੱਤਵਪੂਰਨ ਫੇਸ ਮਾਸਕ ਦੇ ਨਿਯਮ ਨੂੰ ਜਹਾਜ਼ਾਂ, ਰੇਲ ਗੱਡੀਆਂ ਅਤੇ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਵਿੱਚ ਤੋੜਦੇ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ (ਟੀ ਐਸ ਏ) ਨੂੰ ਇਸ ਲਈ ਨਿਰਦੇਸ਼ਿਤ ਕੀਤਾ ਹੈ। ਨਵੇਂ ਨਿਯਮਾਂ ਤਹਿਤ ਪਹਿਲੀ ਵਾਰ ਫੇਸ ਮਾਸਕ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਤੋਂ 1,000 ਡਾਲਰ ਦੇ ਸੰਭਾਵੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੂਜੀ ਵਾਰ ਦੀ ਉਲੰਘਣਾ ਲਈ 1,000 ਤੋਂ 3,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਅਨੁਸਾਰ ਇਹ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ। ਇਸ ਅਪਰਾਧ ਲਈ ਮੌਜੂਦਾ ਜੁਰਮਾਨਾ 250 ਡਾਲਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੁਹਰਾਉਣ ਵਾਲੇ ਲੋਕਾਂ ਲਈ 1,500 ਡਾਲਰ ਤੱਕ ਜਾ ਸਕਦਾ ਹੈ। ਇਸ ਸਬੰਧੀ ਘੋਸ਼ਣਾ ਕਰਦਿਆਂ ਬਾਈਡੇਨ ਨੇ ਕਿਹਾ ਕਿ ਨਿਯਮਾਂ ਨੂੰ ਤੋੜਣ ਦੀ ਸੂਰਤ ਵਿੱਚ ਭੁਗਤਾਨ ਕਰਨ ਲਈ ਤਿਆਰ ਰਹੋ। ਯਾਤਰਾ ਦੌਰਾਨ ਫੇਸ ਮਾਸਕ ਦੀ ਵਰਤੋਂ ਕਰਨੀ ਮਹਾਂਮਾਰੀ ਦੌਰਾਨ ਵਿਵਾਦਪੂਰਨ ਰਹੀ ਹੈ। ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਅਨੁਸਾਰ ਏਅਰਲਾਈਨਾਂ ਨੇ ਇਸ ਸਾਲ ਮੁਸਾਫਿਰਾਂ ਵੱਲੋਂ ਦੁਰਵਿਵਹਾਰ ਦੀਆਂ ਤਕਰੀਬਨ 3,889 ਘਟਨਾਵਾਂ ਦੀ ਰਿਪੋਰਟ ਕੀਤੀ ਹੈ ,ਜਿਹਨਾਂ ਵਿੱਚੋਂ 2,867 ਜਾਂ 74% ਮਾਸਕ ਪਾਉਣ ਤੋਂ ਇਨਕਾਰ ਕਰਨ ਸਬੰਧੀ ਹਨ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਨੁਸਾਰ ਜਹਾਜ਼ਾਂ ਅਤੇ ਸਾਰੇ ਜਨਤਕ ਆਵਾਜਾਈ ਸਾਧਨਾਂ ਵਿੱਚ ਮਾਸਕ ਦੀ ਲੋੜ ਵਾਲੇ ਨਿਯਮ ਘੱਟੋ ਘੱਟ 18 ਜਨਵਰੀ ਤੱਕ ਲਾਗੂ ਰਹਿਣਗੇ।
