ਭਵਾਨੀਗੜ੍ਹ(ਦਲਜੀਤ ਕੌਰ ਭਵਾਨੀਗੜ੍ਹ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਜ਼ਿਲ੍ਹਿਆਂ ਸੰਗਰੂਰ ਤੇ ਪਟਿਆਲਾ ਦੀ ਅਹਿਮ ਮੀਟਿੰਗ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਦੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਜੋ ਆਉਣ ਵਾਲੀ 13 ਸਤੰਬਰ ਨੂੰ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਆਪਣੀਆਂ ਮੰਗਾਂ ਮਨਾਉਣ ਲਈ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਆ ਜਾਣਾ ਹੈ, ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚਾਹ ਪਾਣੀ ਤੇ ਲੰਗਰ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਧਰਨੇ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੌਰਾਨ ਹਰਿਆਣਾ ਦੇ ਕਰਨਾਲ ਦੇ ਐੱਸ. ਡੀ. ਐੱਮ. ਨੂੰ ਬਰਖਾਸਤ ਕਰਨ ਸਬੰਧੀ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਅਤੇ ਜੇਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਵਿਚੋਂ ਕਰਨਾਲ ਜਾਣ ਲਈ ਕੋਈ ਵੀ ਸੱਦਾ ਆਉਂਦਾ ਹੈ ਤਾਂ ਵੱਡੀ ਗਿਣਤੀ ਵਿੱਚ ਅੱਧੀ ਰਾਤ ਨੂੰ ਵੀ ਲੋਕਾਂ ਨੂੰ ਲੈ ਕੇ ਕਰਨਾਲ ਜਾਵਾਂਗੇ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ, ਜਰਨਲ ਸਕੱਤਰ ਜਸਵੰਤ ਸਿੰਘ, ਖਜ਼ਾਨਚੀ ਜਸਵਿੰਦਰ ਸਿੰਘ ਬਰਾਸ, ਸੰਗਰੂਰ ਜ਼ਿਲ੍ਹੇ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਜੱਥੇਬੰਦਕ ਸਕੱਤਰ ਹਰਪਾਲ ਸਿੰਘ ਪੇਧਨੀ ਅਤੇ ਜ਼ਿਲ੍ਹਿਆ ਤੇ ਬਲਾਕਾਂ ਦੇ ਆਗੂ ਹਾਜ਼ਰ ਸਨ।
