ਪਿੰਡ ਦੇ ਲੋਕਾਂ ਨੇ ਬੀ.ਡੀ.ਪੀ.ਓ. ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਬੋਲੀ ਰੱਦ ਕਰਨ ਦੀ ਕੀਤੀ ਮੰਗ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਬਖਸ਼ੀਵਾਲਾ ਦੇ ਲੋਕਾਂ ਨੇ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਡੰਮੀ ਬੋਲੀ ਹੋਣ ਦਾ ਦੋਸ਼ ਲਗਾਉਦੇ ਹੋਏ ਅੱਜ ਬੀਡੀਪੀਓ ਸੁਨਾਮ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ਼ ਧਰਨਾ ਦਿੱਤਾ। ਉਨ੍ਹਾਂ ਨੇ ਡੀ. ਸੀ. ਦਫ਼ਤਰ ਸੰਗਰੂਰ ਦੇ ਗੇਟ ਅੱਗੇ ਧਰਨਾ ਦੇ ਕੇ ਬੋਲੀ ਰੱਦ ਕਰਨ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਭੀਮ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਬਖ਼ਸ਼ੀਵਾਲਾ ਦੀ ਰਿਜ਼ਰਵ ਕੋਟੇ ਦੀ ਬੋਲੀ ਪੁਲਸ ਪ੍ਰਸ਼ਾਸਨ ਦੀ ਦਹਿਸ਼ਤ ਕਾਰਨ ਡੰਮੀ ਬੋਲੀਕਾਰਾਂ ਨੂੰ ਦਿੱਤੀ ਗਈ ਜਿਸ ਕਾਰਨ ਦਲਿਤ ਭਾਈਚਾਰੇ ਵਿੱਚ ਇਸ ਡੰਮੀ ਬੋਲੀ ਖਿਲਾਫ਼ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਦਲਿਤ ਭਾਈਚਾਰਾ ਸਾਂਝੀ ਖੇਤੀ (ਹਰੇ-ਚਾਰੇ) ਲਈ ਲੈਣਾ ਚਾਹੁੰਦਾ ਹੈ, ਪਰ ਪਿੰਡ ਦੇ ਕੁਝ ਵਿਅਕਤੀ ਇਸ ਜ਼ਮੀਨ ਨੂੰ ਜਨਰਲ ਵਰਗ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬੀਡੀਪੀਓ ਸੁਨਾਮ ਦੀ ਹਾਜ਼ਰੀ ਵਿੱਚ ਬੋਲੀ ਹੋਈ। ਜਿੱਥੇ ਕਿ ਸਾਂਝਾ ਸਮੂਹ ਐੱਸ ਸੀ ਭਾਈਚਾਰਾ ਸਾਂਝੀ ਖੇਤੀ ਲਈ ਜ਼ਮੀਨ ਲੈਣ ਲਈ ਪੁੱਜਿਆ ਪਰ ਉਨ੍ਹਾਂ ਵੱਲੋਂ ਬੋਲੀ ਪਾ ਕੇ ਲਾਉਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਬੋਲੀ ਇਕ ਵਿਅਕਤੀ ਦੇ ਨਾਮ ਉੱਪਰ ਤੋੜ ਦਿੱਤੀ ਗਈ ਜੋ ਕਿ ਤੈਅਸ਼ੁਦਾ ਡੰਮੀ ਬੋਲੀਕਾਰ ਹੈ। ਜਿਸ ਨੂੰ ਕਿ ਪਿੰਡ ਦੇ ਸਮੂਹ ਐੱਸ ਸੀ ਭਾਈਚਾਰਾ ਹਰਗ਼ਿਜ਼ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਡੰਮੀ ਬੋਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਕਰ ਆਉਣ ਵਾਲੇ ਸਮੇਂ ਵਿਚ ਬੋਲੀ ਰੱਦ ਨਹੀਂ ਹੁੰਦੀ ਤਾਂ ਜ਼ਮੀਨ ਵਿੱਚ ਪੱਕਾ ਮੋਰਚਾ ਲਾ ਕੇ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਨਿਕਲਣ ਵਾਲੇ ਨਤੀਜਿਆਂ ਦਾ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਲਵਿੰਦਰ ਸਿੰਘ, ਗੁਰਤੇਜ ਸਿੰਘ, ਚਰਨਜੀਤ ਕੌਰ, ਕੁਲਵਿੰਦਰ ਕੌਰ, ਪ੍ਰਧਾਨ ਕੌਰ ਆਦਿ ਹਾਜ਼ਰ ਸਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਐਲਾਨ ਕਰ ਦਿੱਤਾ ਗਿਆ।
