ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਡੈਮੋਕਰੈਟਿਕ ਮਨਰੇਗਾ ਫਰੰਟ ਡੀਐੱਮਐੱਫ ਬਲਾਕ ਭਵਾਨੀਗੜ੍ਹ ਵੱਲੋਂ ਪਿੰਡ ਜੌਲੀਆਂ, ਫਤਹਿਗੜ੍ਹ ਭਾਦਸੋਂ, ਸਕਰੌਦੀ, ਤੁਰੀ ਅਤੇ ਫੱਗੂਵਾਲਾ ਦੇ ਮਨਰੇਗਾ ਕਾਮਿਆਂ ਵੱਲੋਂ ਮਗਨਰੇਗਾ ਕਾਨੂੰਨ ਮੁਤਾਬਕ 100 ਦਿਨ ਦਾ ਕੰਮ ਦੇਣ ਦੀ ਮੰਗ ਕਰਨ ਦੀਆਂ ਅਰਜ਼ੀਆਂ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਵਿਖੇ ਦਿੱਤੀਆਂ ਗਈਆਂ ਅਤੇ ਦਫਤਰ ਵਿਖੇ ਇਕੱਠੇ ਹੋਏ ਮਨਰੇਗਾ ਕਾਮਿਆਂ ਨੇ ਸਰਪੰਚਾਂ ਅਤੇ ਪੰਚਾਇਤਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਮਨਰੇਗਾ ਕਾਮਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਤਾਰਾ ਸਿੰਘ ਫੱਗੂਵਾਲਾ, ਹਰਭਜਨ ਸਿੰਘ ਜੌਲੀਆਂ, ਸੁਖਵਿੰਦਰ ਸਿੰਘ ਸਕਰੌਦੀ, ਰਾਜ ਸਿੰਘ ਤੁਰੀ, ਗੁਰਤੇਜ ਸਿੰਘ ਫਤਿਹਗੜ੍ਹ ਭਾਦਸੋਂ, ਬਲਜਿੰਦਰ ਕੌਰ ਫਤਿਹਗੜ੍ਹ ਭਾਦਸੋਂ, ਕ੍ਰਿਸ਼ਨਾ ਕੌਰ ਜੌਲੀਆਂ, ਸਰੋਜ ਰਾਣੀ, ਪ੍ਰਵੀਨ ਬੇਗ਼ਮ ਸਕਰੌਦੀ, ਸਾਧੂ ਸਿੰਘ ਬਾਲਦ ਕਲਾਂ ਅਤੇ ਕਾਕਾ ਸਿੰਘ ਕੋਟ ਕਲਾਂ ਨੇ ਕਿਹਾ ਕੇ ਮਨਰੇਗਾ ਕਾਮਿਆਂ ਨੂੰ ਸੌ ਦਿਨ ਦਾ ਰੁਜ਼ਗਾਰ (ਕੰਮ) ਦੇਣਾ ਮਨਰੇਗਾ ਕਾਨੂੰਨ ਅਨੁਸਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਪਰੰਤੂ ਕੁੱਝ ਸਰਪੰਚ ਅਤੇ ਪੰਚਾਇਤਾਂ ਇਸ ‘ਚ ਘਪਲੇਬਾਜ਼ੀ ਕਰਕੇ ਜਾਅਲੀ ਵਿਅਕਤੀਆਂ ਦੇ ਨਾਂ ਪਾ ਦਿੰਦੇ ਹਨ ਜਦਕਿ ਲੋੜਵੰਦ ਪਰਿਵਾਰਾਂ ਨੂੰ ਨਾ ਰੁਜ਼ਗਾਰ ਅਤੇ ਨਾ ਹੀ ਕੀਤੇ ਕੰਮ ਦੇ ਪੈਸੇ ਦਿੱਤੇ ਜਾ ਰਹੇ ਹਨ। ਆਗੂਆਂ ਨੇ ਨਿਯੁਕਤੀ ਪੱਤਰ ਹਾਸਲ ਕਰਕੇ ਕੰਮ ਕਰਨ ਤੇ ਕੰਮ ਕਰਨ ਸਮੇਂ ਮਸਟਰੋਲ ਤੇ ਹਾਜਰੀ ਦੀ ਮੰਗ ਕੀਤੀ। ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੇਕਰ ਮਨਰੇਗਾ ਕਾਮਿਆਂ ਨੂੰ ਕਾਨੂੰਨ ਅਨੁਸਾਰ ਕੰਮ ਦਿੱਤਾ ਗਿਆ ਕਾਮਿਆਂ ਨੂੰ ਬੇਰੁਜ਼ਗਾਰੀ ਭੱਤਾ ਲੈਣ ਲਈ ਅਧਿਕਾਰੀਆਂ ਖ਼ਿਲਾਫ਼ ਜਦੋਜਹਿਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਬਲਾਕ ਦੇ ਸਾਰੇ ਪਿੰਡਾਂ ਅੰਦਰ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਵਰਕਰਾਂ ਨੂੰ ਮਨਰੇਗਾ ਕਾਨੂੰਨ ਬਾਰੇ ਜਾਣਕਾਰੀ ਦੇ ਕੇ ਲਾਮਬੰਦ ਕਰਨ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ।
