8.9 C
United Kingdom
Saturday, April 19, 2025

More

    ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਕੀਤੀ ਗਈ ਵਿਚਾਰ ਗੋਸ਼ਟੀ

    ਇਟਲੀ (ਪੰਜ ਦਰਿਆ ਬਿਊਰੋ)
    ਪਿਛਲੇ ਦਿਨੀ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਉੱਪਰ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ ਸ ਪ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ ਕੀਤੀ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਿੰਸੀਪਲ ਗੁਰਇਕਬਾਲ ਸਿੰਘ ਜੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਵੱਸਦੇ ਉੱਘੇ ਕਵੀ ਤੇ ਲੇਖਕ ਮੋਹਨ ਗਿੱਲ ਅਤੇ ਪੰਚਨਾਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸਿ਼ਰਕਤ ਕੀਤੀ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ। ਡਾ ਸ ਪ ਸਿੰਘ ਨੇ ਇਸ ਦਿਨ ਅਧਿਆਪਕ ਦਿਵਸ ਤੇ ਇਸ ਸਮਾਗਮ ਦਾ ਰਚਾਇਆ ਜਾਣਾ ਇੱਕ ਸ਼ੁਭ ਸ਼ਗਨ ਦੱਸਿਆ ਤੇ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ। ਪ੍ਰਿੰਸੀਪਲ ਗੁਰਇਕਬਾਲ ਸਿੰਘ ਨੇ ਬਹੁਤ ਵਿਸਥਾਰ ਨਾਲ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਤੇ ਵਿਚਾਰ ਚਰਚਾ ਦੇ ਨਾਲ ਨਾਲ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਬੜੀ ਸਿ਼ਦਤ ਨਾਲ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਪ੍ਰੋ ਗਿੱਲ ਦੀ ਸ਼ਾਇਰੀ ਜਿੱਥੇ ਪਰਪੱਕ ਅਤੇ ਠੇਠ ਸ਼ਬਦ ਭੰਡਾਰ ਦਾ ਨਮੂਨਾ ਹੈ। ਉੱਥੇ ਉਹਨਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਪਿਆਰਿਆਂ ਦਾ ਨੈੱਟਵਰਕ ਸਥਾਪਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਮੋਹਨ ਗਿੱਲ ਨੇ ਪ੍ਰੋ ਗੁਰਭਜਨ ਗਿੱਲ ਨਾਲ ਬਿਤਾਏ ਕਾਲਜ ਦੇ ਸਮੇਂ ਦੀਆਂ ਯਾਦਾਂ ਅਤੇ ਉਨਾਂ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਕਾਵਿ ਸ਼ੈਲੀ ਦੁਆਰਾ ਪੇਸ਼ ਕਰਕੇ ਸਭ ਦੀ ਵਾਹ ਵਾਹ ਖੱਟੀ। ਅਮਜਦ ਆਰਫੀ ਨੇ ਠੇਠਤਾ ਭਰੇ ਸ਼ਬਦਾਂ ਅਤੇ ਕਾਵਿਕ ਅੰਦਾਜ਼ ਵਿੱਚ ਪ੍ਰੋ ਗਿੱਲ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਸਾਹਿਬ ਵਾਰੇ ਖੂਬਸੂਰਤ ਕਾਵਿ ਚਿਤਰਣ ਪੇਸ਼ ਕੀਤਾ। ਡਾ ਸ ਪ ਸਿੰਘ ਜੀ ਨੇ ਪ੍ਰੋ ਗਿੱਲ ਬਾਰੇ ਬੋਲਦੇ ਕਿਹਾ ਕਿ ਇਹਨਾਂ ਨਾਲ ਮੇਰਾ ਰਿਸ਼ਤਾ ਕਾਲਜ ਸਮੇਂ ਦਾ ਹੈ ਜੋ ਅੱਜ ਵੀ ਨਿੱਘੇ ਸੰਬੰਧਾਂ ਨਾਲ ਲਬਰੇਜ਼ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰਭਜਨ ਗਿੱਲ ਮੇਰਾ ਵਿਦਿਆਰਥੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਸ ਸਮੇਂ ਪ੍ਰੋ ਗੁਰਭਜਨ ਗਿੱਲ ਬਾਰੇ ਬੋਲਦੇ ਹੋਏ ਕਿਹਾ ਕਿ ਇਹਨਾਂ ਦੀ ਅਗਵਾਈ ਸਦਕਾ ਵਿਸ਼ਵ ਪੱਧਰ ਦਾ ਮੰਚ ਉਸਾਰ ਸਕਣਾ ਸੰਭਵ ਹੋਇਆ ਹੈ। ਜਿਸ ਉੱਪਰ ਉਹਨਾਂ ਦੀ ਕਿਤਾਬ ਸੁਰਤਾਲ ਤੇ ਗੱਲਬਾਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।
    ਪ੍ਰੋ ਗੁਰਭਜਨ ਸਿੰਘ ਗਿੱਲ ਹੁਰਾਂ ਇਸ ਵਿਚਾਰ ਚਰਚਾ ਤੇ ਤਸੱਲੀ ਪ੍ਰਗਟਾਉਂਦਿਆਂ ਸਭਾ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਦਾ ਇਹ ਸਮਾਗਮ ਇੱਕ ਗੁਲਦਸਤੇ ਵਰਗਾ ਹੈ ਜਿਸ ਵਿੱਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਰੰਗ ਹਨ। ਇਹ ਵੀ ਕਿਹਾ ਕਿ ਮੈਂਨੂੰ ਮਾਣ ਹੈ ਕੇ ਸਮੁੰਦਰੋਂ ਪਾਰ ਸਾਗਰਾਂ ਵਿੱਚ ਵਸਦਾ ਪੰਜਾਬ ਜਿੱਥੇ ਹੋਰ ਖੇਤਰਾਂ ਵਿੱਚ ਤਰੱਕੀਆਂ ਕਰ ਰਿਹਾ ਹੈ ਓਥੇ ਸਾਹਿਤ ਤੇ ਸਭਿਆਚਾਰ ਵਲੋਂ ਵੀ ਅਵੇਸਲਾ ਨਹੀਂ, ਸਾਨੂੰ ਅੱਜ ਦੇ ਇਸ ਗਲੋਬਲੀ ਸੰਸਾਰ ਵਿੱਚ ਹੋਰ ਵੀ ਇੱਕਜੁਟ ਹੋ ਕੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਗੱਲਬਾਤ ਦੌਰਾਨ ਪ੍ਰੋ ਗੁਰਭਜਨ ਗਿੱਲ ਦੀਆਂ ਵੱਖ ਵੱਖ ਗਜ਼ਲਾਂ ਨੂੰ ਪ੍ਰਸਿੱਧ ਸ਼ਾਇਰ ਤਰੈਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਗਮ ਨੇ ਤਰੁੰਨਮ ਵਿੱਚ ਗਾ ਕੇ ਇੱਕ ਨਵਾਂ ਤੇ ਸੁਰਮਈ ਰੰਗ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਸਭਾ ਦੇ ਮੰਚ ਵੱਲੋਂ ਇਸ ਸਮੇਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖਰ ਬਾਬਾ ਨਜ਼ਮੀ ਨੂੰ ੳਹਨਾਂ ਦੇ ਜਨਮ ਦਿਨ ਤੇ ਵਧਾਈ ਪੇਸ਼ ਕੀਤੀ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਵਿੱਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਪ੍ਰੋ ਜਸਪਾਲ ਸਿੰਘ ਆਦਿ ਨੇ ਆਪਣੀ ਹਾਜ਼ਰੀ ਲਗਵਾਉਦਿਆਂ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਪੇਸ਼ ਕੀਤੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!