ਬਿਜ਼ਨਸ ਤੇ ਲਾਈਫ ਕੋਚ ਪ੍ਰਿਆ ਕੌਰ ਨੇ ਦੱਸੇ ਤਣਾਅ ਘਟਾਉਣ ਦੇ ਗੁਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਦੇ ਮੈਰੀਹਿੱਲ ਕਮਿਊਨਿਟੀ ਸੈਂਟਰਲ ਹਾਲ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬਿਜ਼ਨਸ ਅਤੇ ਲਾਈਫ ਕੋਚ ਪ੍ਰਿਆ ਕੌਰ ਵੱਲੋਂ ਤਣਾਅ ਘੱਟ ਕਰਨ ਦੇ ਨੁਕਤੇ ਸਮਝਾਏ ਗਏ। ਲਗਭਗ 5 ਘੰਟੇ ਚੱਲੇ ਇਸ ਅਭਿਆਸ ਦੌਰਾਨ ਪ੍ਰਿਆ ਕੌਰ ਵੱਲੋਂ ਮਾਨਸਿਕ ਤਣਾਅ ਨੂੰ ਪਹਿਚਾਨਣ ਅਤੇ ਘੱਟ ਕਰਦਿਆਂ ਨਿਜਾਤ ਪਾਉਣ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨੁਕਤੇ ਸਮਝਾਏ ਗਏ। ਉਨ੍ਹਾਂ ਕਿਹਾ ਕਿ ਤਨ ਦੀ ਤੰਦਰੁਸਤੀ ਦੇ ਨਾਲ ਨਾਲ ਮਨ ਦੀ ਤੰਦਰੁਸਤੀ ਦਾ ਹੋਣਾ ਵੀ ਬੇਹੱਦ ਜ਼ਰੂਰੀ ਹੈ। ਜੇਕਰ ਅਸੀਂ ਕਿਸੇ ਮਾਨਸਿਕ ਤਣਾਅ ਹੇਠ ਹਾਂ ਲਾਜ਼ਮੀ ਹੈ ਕਿ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਜ਼ਰੂਰ ਹੋ ਜਾਵਾਂਗੇ। ਇਸ ਸਮਾਗਮ ਦੀ ਸਫਲਤਾ ਤੋਂ ਬੇਹੱਦ ਖੁਸ਼ ਪ੍ਰਿਆ ਕੌਰ ਦਾ ਕਹਿਣਾ ਸੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦੀ ਖੁਸ਼ੀ ਹਾਸਲ ਕਰਨਗੇ।

