ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੋਲੇਰਾਡੋ ਦੇ ਗਲੇਨਵੁੱਡ ਸਪ੍ਰਿੰਗਸ ਦੇ ਗਲੇਨਵੁੱਡ ਕੈਵਰਨਜ਼ ਐਡਵੈਂਚਰ ਪਾਰਕ ਵਿੱਚ ਐਤਵਾਰ ਨੂੰ ਇੱਕ 6 ਸਾਲਾਂ ਲੜਕੀ ਦੀ ਰਾਈਡ ਦੌਰਾਨ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਤੇ ਪਾਰਕ ਦੇ ਅਨੁਸਾਰ ਇਹ ਘਟਨਾ ਹੌਂਟੇਡ ਮਾਈਨ ਡ੍ਰੌਪ ‘ਤੇ ਵਾਪਰੀ। ਗਾਰਫੀਲਡ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਇਹ ਬੱਚੀ ਹੌਂਟੇਡ ਮਾਈਨ ਡ੍ਰੌਪ ਰਾਈਡ ‘ਤੇ ਸਵਾਰ ਹੁੰਦੇ ਹੋਏ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜੋ ਕਿ ਸਵਾਰਾਂ ਨੂੰ 110 ਫੁੱਟ ਹੇਠਾਂ ਲੈ ਕੇ ਜਾਂਦੀ ਹੈ। ਪੀੜਤ ਬੱਚੀ ਆਪਣੇ ਪਰਿਵਾਰ ਨਾਲ ਪਾਰਕ ਵਿੱਚ ਆਈ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਬਾਅਦ ਪਾਰਕ ਕਰਮਚਾਰੀਆਂ ਨੇ ਬੱਚੀ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕੀਤੀ ਅਤੇ ਪੈਰਾਮੈਡਿਕਸ ਨੇ ਆ ਕੇ ਬੱਚੀ ਦੀ ਮੌਤ ਘੋਸ਼ਤ ਕੀਤੀ। ਮ੍ਰਿਤਕ ਬੱਚੀ ਦੀ ਪਛਾਣ ਫਿਲਹਾਲ ਜਾਰੀ ਨਹੀਂ ਕੀਤੀ ਗਈ । ਇਸ ਹਾਦਸੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
